ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਜਲੰਧਰ ਦਾ ਏਜੰਟ ਕੈਨੇਡਾ ਵਿੱਚ ਗ੍ਰਿਫ਼ਤਾਰ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਏਜੰਸੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ ਖ਼ਿਲਾਫ਼ ਕੈਨੇਡਾ ਆਵਾਸ ਕੰਟਰੋਲ ਕਾਨੂੰਨਾਂ ਤਹਿਤ ਪੰਜ ਦੋਸ਼ ਆਇਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਉਸ ਤੋਂ ਪੁੱਛਗਿੱਛ ਦੌਰਾਨ ਪਤਾ ਲਾਇਆ ਜਾਵੇਗਾ ਕਿ ਉਸ ਵੱਲੋਂ ਤਿਆਰ ਕੀਤੇ ਜਾਂਦੇ ਜਾਅਲੀ ਦਸਤਾਵੇਜ਼ਾਂ ਵਿੱਚ ਕੈਨੇਡਾ ਦੇ ਵਿੱਦਿਅਕ ਅਦਾਰਿਆਂ ਅਤੇ ਆਵਾਸ ਵਿਭਾਗ ਦੇ ਕਿਸੇ ਮੁਲਾਜ਼ਮ ਦੀ ਸ਼ਮੂਲੀਅਤ ਤਾਂ ਨਹੀਂ ਸੀ। ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਉਹ ਫੜਿਆ ਗਿਆ। ਉਸ ‘ਤੇ ਕੈਨੇਡਾ ਵਿਚ ਉੱਚ ਸਿੱਖਿਆ ਸੰਸਥਾਵਾਂ ਲਈ ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਪੱਤਰ ਜਾਰੀ ਕਰਨ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਜਲੰਧਰ ‘ਚ ਈਐੱਮਐੱਸਏ ਨਾਮ ਦੀ ਇਮੀਗ੍ਰੇਸ਼ਨ ਏਜੰਸੀ ਚਲਾਉਣ ਵਾਲਾ ਮਿਸ਼ਰਾ ਵਿਦਿਆਰਥੀਆਂ ਨਾਲ ਹੋਈ ਧੋਖਾਧੜੀ ਦਾ ਮਾਮਲਾ ਉਜਾਗਰ ਹੋਣ ਤੋਂ ਕੁਝ ਸਮਾਂ ਪਹਿਲਾਂ ਗਾਇਬ ਹੋ ਗਿਆ ਸੀ। ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਆਉਣ ਅਤੇ ਕਾਲਜਾਂ ‘ਚ ਜਾਅਲੀ ਪੱਤਰ ਜਮ੍ਹਾਂ ਕਰਾਉਣ ਕਰ ਕੇ ਪੰਜਾਬ ਅਤੇ ਹੋਰ ਸੂਬਿਆਂ ਦੇ ਸੈਂਕੜੇ ਵਿਦਿਆਰਥੀਆਂ ‘ਤੇ ਕੈਨੇਡਾ ਤੋਂ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਨੇ ਮਿਸ਼ਰਾ ਖ਼ਿਲਾਫ਼ ਸ਼ੁੱਕਰਵਾਰ ਨੂੰ ਕਾਰਵਾਈ ਕੀਤੀ ਹੈ। ਉਸ ‘ਤੇ ਲਾਇਸੈਂਸ ਤੋਂ ਬਿਨਾਂ ਇਮੀਗ੍ਰੇਸ਼ਨ ਸਲਾਹ ਦੇਣ ਅਤੇ ਹੋਰਾਂ ਦੀ ਗੁੰਮਰਾਹਕੁਨ ਕਾਊਂਸਲਿੰਗ ਕਰਨ ਦੇ ਦੋਸ਼ ਲੱਗੇ ਹਨ। ਬ੍ਰਿਜੇਸ਼ ਮਿਸ਼ਰਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ‘ਚ ਹਿਰਾਸਤ ‘ਚ ਹੈ। ਸੂਤਰਾਂ ਮੁਤਾਬਕ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਨੇ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੀ ਪੁਲੀਸ ਹਵਾਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਬਣੇ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀ ਵਤਨ ਵਾਪਸੀ ‘ਤੇ ਅਜੇ ਰੋਕ ਲਗਾ ਦਿੱਤੀ ਹੈ। ਮਿਸ਼ਰਾ ਦੀ ਗ੍ਰਿਫ਼ਤਾਰੀ ‘ਤੇ ਪ੍ਰਤੀਕਰਮ ਦਿੰਦਿਆਂ ਇਕ ਵਿਦਿਆਰਥੀ ਇੰਦਰਜੀਤ ਔਲਖ ਨੇ ਕਿਹਾ ਕਿ ਕੇਸ ਦੇ ਸਭ ਤੋਂ ਲੋੜੀਂਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਆਸ ਜਤਾਈ ਕਿ ਬ੍ਰਿਜੇਸ਼ ਮਿਸ਼ਰਾ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕਰੇਗਾ।