ਜਲੰਧਰ: ਪ੍ਰਸ਼ਾਸਨ ਕੋਲ ਪਰਾਲੀ ਪ੍ਰਬੰਧਨ ਲਈ ਆਧੁਨਿਕ ਮਸ਼ੀਨਰੀ ਉਪਲਬਧ
ਪੱਤਰ ਪ੍ਰੇਰਕ
ਜਲੰਧਰ, 12 ਨਵੰਬਰ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਰਾਹੀਂ ਜਲੰਧਰ ਜ਼ਿਲ੍ਹੇ ਨੂੰ ਪਰਾਲੀ ਦੇ ਧੂੰਏਂ ਤੋਂ ਮੁਕਤ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਡੀ.ਏ.ਪੀ. ਦੇ ਬਦਲਾਂ ਨੂੰ ਅਪਨਾਉਣ ਦੀ ਵੀ ਸਲਾਹ ਦਿੱਤੀ। ਡਾ. ਅਗਰਵਾਲ ਨੇ ਦੱਸਿਆ ਕਿ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜ਼ਿਲ੍ਹੇ ਵਿੱਚ 5372 ਖੇਤੀ ਮਸ਼ੀਨਰੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਲਾਕ ਆਦਮਪੁਰ ਵਿੱਚ 277, ਭੋਗਪੁਰ ਵਿੱਚ 273, ਜਲੰਧਰ ਪੂਰਬੀ ਵਿੱਚ 379, ਜਲੰਧਰ ਪੱਛਮੀ ਵਿੱਚ 768, ਲੋਹੀਆਂ ਵਿੱਚ 658, ਨਕੋਦਰ 951, ਨਰਮਹਿਲ ਵਿੱਚ 496, ਫਿਲੌਰ ਵਿੱਚ 506, ਰੁੜਕਾ ਕਲਾਂ ਵਿੱਚ 401 ਅਤੇ ਸ਼ਾਹਕੋਟ ਵਿੱਚ 663 ਮਸ਼ੀਨਾਂ ਕਿਸਾਨਾਂ ਲਈ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਇਨਸੀਟੂ ਮੈਨੇਜਮੈਂਟ ਤਹਿਤ ਜ਼ਿਲ੍ਹੇ ਵਿੱਚ 2362 ਸੁਪਰ ਸੀਡਰ, 30 ਸਰਫੇਸ ਸੀਡਰ, ਪੈਡੀ ਸਟਰਾਅ ਚੌਪਰ/ਮਲਚਰ 1378, ਸੁਪਰ ਐੱਸ.ਐੱਮ.ਐੱਸ. 452, 890 ਆਰ.ਐੱਮ.ਪੀ. ਪੁਲਾਓ ਅਤੇ ਐਕਸੀਟੂ ਮੈਨੇਜਮੈਂਟ ਤਹਿਤ 160 ਬੇਲਰ, 155 ਰੇਕ ਸਮੇਤ ਕੁੱਲ 5372 ਮਸ਼ੀਨਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਵਿੱਚ ਕਿਸਾਨਾਂ ਦੀ ਮਦਦ ਲਈ ਹੈਲਪਲਾਈਨ ਨੰਬਰ 0181-2225005 ਵੀ ਜਾਰੀ ਕੀਤਾ ਗਿਆ ਹੈ।