ਜਲੰਧਰ: ਮੈਡੀਕਲ ਵਿਭਾਗ ਵਿੱਚ 9.86 ਕਰੋੜ ਦਾ ਘਪਲਾ
ਹਤਿੰਦਰ ਮਹਿਤਾ
ਜਲੰਧਰ, 6 ਸਤੰਬਰ
ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਪੰਜਾਬ ਨੇ ਜਲੰਧਰ ਦੇ ਸਿਵਲ ਸਰਜਨ ਨੂੰ 9.85 ਕਰੋੜ ਰੁਪਏ ਦੇ ਫੰਡਾਂ ਦੀ ਕਥਿਤ ਦੁਰਵਰਤੋਂ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਅਧਿਕਾਰੀਆਂ ਕੋਲੋਂ 15 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਗਈ ਹੈ। ਐੱਨਐੱਚਐੱਮ ਪੰਜਾਬ ਦੇ ਡਾਇਰੈਕਟਰ ਵੱਲੋਂ ਸਿਵਲ ਸਰਜਨ ਜਲੰਧਰ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2019 ਤੋਂ 2022 ਤੱਕ ਸਿਵਲ ਸਰਜਨ ਦਫ਼ਤਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਖਰੀਦੀਆਂ ਗਈਆਂ ਵਸਤਾਂ ਦੇ ਲੇਖੇ-ਜੋਖੇ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਹਨ। ਇਹ ਗਲਤੀ ਘੱਟ ਨਹੀਂ ਸਗੋਂ ਲਗਪਗ 9.86 ਕਰੋੜ ਰੁਪਏ ਦੀ ਹੈ। ਕਮੇਟੀ ਦੀ ਮੀਟਿੰਗ ਵਿੱਚ ਤਤਕਾਲੀ ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਜਲੰਧਰ ਕੋਲ ਵਿੱਤੀ ਸਾਲ 2019 ਤੋਂ 2022 ਤੱਕ ਕੀਤੀ ਗਈ 9.86 ਕਰੋੜ ਰੁਪਏ ਦੀ ਖਰੀਦ ਦਾ ਕੋਈ ਰਿਕਾਰਡ ਨਹੀਂ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਇਹ ਸਾਰਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ, ਉਸ ਤੋਂ ਬਾਅਦ ਐੱਨਐੱਚਐੱਚ ਡਾਇਰੈਕਟਰ ਨੇ ਹਦਾਇਤ ਕੀਤੀ ਕਿ ਸਿਵਲ ਸਰਜਨ ਮਾਮਲੇ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕੇਸ ਦਰਜ ਕਰਵਾਏ। ਉਪਰੰਤ ਸਰਕਾਰ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਇਸ ਕਥਿਤ ਘੁਟਾਲੇ ਵਿੱਚ ਸ਼ਾਮਲ ਇੱਕ ਸੀਨੀਅਰ ਅਧਿਕਾਰੀ ਨੌਕਰੀ ਛੱਡ ਕੇ ਵਿਦੇਸ਼ ਚਲਾ ਗਿਆ ਹੈ। ਘੁਟਾਲਾ ਕਰਨ ਤੋਂ ਬਾਅਦ ਉਹ ਸਾਲ 2023 ਵਿੱਚ ਵਿਦੇਸ਼ ਚਲਾ ਗਿਆ ਸੀ। ਇਸ ਤੋਂ ਇਲਾਵਾ ਇਸ ਦੌਰਾਨ ਚਾਰ ਅਧਿਕਾਰੀ ਸਿਵਲ ਸਰਜਨ ਵਜੋਂ ਚਾਰਜ ਸੰਭਾਲ ਚੁੱਕੇ ਹਨ।
ਮਾਮਲੇ ਦੀ ਜਾਂਚ ਆਰੰਭੀ: ਸਿਵਲ ਸਰਜਨ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਲੰਧਰ ਦੇ ਸਿਵਲ ਸਰਜਨ ਡਾ. ਜੋਤੀ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਉਹ ਐੱਨਐੱਚਐੱਮ ਤੋਂ ਪ੍ਰਾਪਤ ਫੰਡਾਂ ਅਤੇ ਇਸ ਦੀ ਵਰਤੋਂ ਨਾਲ ਸਬੰਧਤ ਸਾਰੀਆਂ ਅਧਿਕਾਰਤ ਫਾਈਲਾਂ ਦੀ ਜਾਂਚ ਕਰ ਰਹੇ ਹਨ। ਜਲੰਧਰ ਵਿੱਚ ਨਵੇਂ ਸਿਵਲ ਸਰਜਨ ਦੀ ਜੁਆਇਨਿੰਗ ਕੁਝ ਦਿਨ ਪਹਿਲਾਂ ਹੀ ਹੋਈ ਹੈ।