ਜਲੰਧਰ: ਅਪਰਾਧਿਕ ਘਟਨਾਵਾਂ ਵਿੱਚ 40 ਫ਼ੀਸਦੀ ਕਮੀ ਦਰਜ
ਪੱਤਰ ਪ੍ਰੇਰਕ
ਜਲੰਧਰ, 3 ਨਵੰਬਰ
ਕਮਿਸ਼ਨਰੇਟ ਪੁਲੀਸ ਵੱਲੋਂ ਸਟਰੀਟ ਕ੍ਰਾਈਮ ਨੂੰ ਠੱਲ ਪਾਉਣ ਲਈ ਵਿੱਢੀ ਮੁਹਿੰਮ ਨੇ ਸ਼ਹਿਰ ਵਿੱਚ ਸਮੁੱਚੇ ਸਟਰੀਟ ਕ੍ਰਾਈਮ ਵਿੱਚ 40 ਪ੍ਰਤੀਸ਼ਤ ਦੀ ਕਮੀ ਲਿਆ ਕੇ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਪਹਿਲਕਦਮੀ ਡੀਜੀਪੀ ਗੌਰਵ ਯਾਦਵ ਵੱਲੋਂ ਸਟਰੀਟ ਕ੍ਰਾਈਮ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ। ਅਧਿਕਾਰਤ ਅਪਰਾਧ ਦਰ ਦੇ ਅੰਕੜਿਆਂ ਅਨੁਸਾਰ ਜਲੰਧਰ ਸ਼ਹਿਰ ਵਿੱਚ 1 ਅਗਸਤ, 2024 ਤੋਂ 31 ਅਕਤੂਬਰ, 2024 ਤੱਕ ਸਟਰੀਟ ਕ੍ਰਾਈਮ ਦੀਆਂ ਕੁੱਲ 137 ਘਟਨਾਵਾਂ ਵਾਪਰੀਆਂ ਹਨ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਘਟਨਾਵਾਂ 211 ਸਨ। ਸੀ.ਪੀ. ਸਵਪਨ ਸ਼ਰਮਾ ਨੇ ਕਿਹਾ ਕਿ ਚੋਰੀ ਅਤੇ ਡਕੈਤੀ ਦੇ ਮਾਮਲਿਆਂ ਵਿੱਚ ਲਗਭਗ 50 ਫੀਸਦੀ ਦੀ ਕਮੀ ਆਈ ਹੈ, ਜਦਕਿ ਸੰਨ੍ਹ ਲਗਾ ਕੇ ਚੋਰੀ ਕਰਨ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵੀ ਕ੍ਰਮਵਾਰ 23 ਅਤੇ 2 ਫੀਸਦ ਦੀ ਕਮੀ ਆਈ ਹੈ। ਜਾਣਕਾਰੀ ਅਨੁਸਾਰ 1 ਅਗਸਤ, 2023 ਤੋਂ 31 ਅਕਤੂਬਰ, 2023 ਤੱਕ ਚੋਰੀ ਦੀਆਂ 100 ਘਟਨਾਵਾਂ ਦਰਜ ਹੋਈਆਂ ਸਨ, ਜੋ ਇਸ ਸਾਲ ਘਟ ਕੇ 53 ਰਹਿ ਗਈਆਂ ਹਨ ਜਦਕਿ ਲੁੱਟ-ਖੋਹ ਦੀਆਂ ਘਟਨਾਵਾਂ ਵੀ 6 ਤੋਂ ਘਟ ਕੇ 3 ਤੱਕ ਰਹਿ ਗਈਆਂ ਹਨ। ਇਸੇ ਸਮੇਂ ਦੌਰਾਨ ਸੰਨ੍ਹ ਲਗਾ ਕੇ ਚੋਰੀ ਕਰਨ ਦੀਆਂ ਵਾਰਦਾਤਾਂ 57 ਤੋਂ ਘਟ ਕੇ 44 ਅਤੇ ਲੁੱਟ-ਖੋਹ ਦੀਆਂ ਘਟਨਾਵਾਂ 48 ਤੋਂ ਘਟ ਕੇ 37 ਰਹਿ ਗਈਆਂ ਹਨ। ਸੀਪੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਟਰੀਟ ਕ੍ਰਾਈਮ ਵਿਰੁੱਧ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਬਹੁਪੱਖੀ ਪਹੁੰਚ ਅਪਣਾਈ ਹੈ।
ਅੰਮ੍ਰਿਤਸਰ ਵਿੱਚ ਲੁੱਟ-ਖੋਹ ਦੇ 38 ਕੇਸ ਹੱਲ ਕੀਤੇ ਗਏ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਪੁਲੀਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ 26 ਸਤੰਬਰ ਤੋਂ 31 ਅਕਤੂਬਰ ਤੱਕ ਦੇ 35 ਦਿਨਾਂ ਦੌਰਾਨ ਸਨੈਚਿੰਗ ਦੇ ਕੁੱਲ 38 ਕੇਸ ਸੁਲਝਾਏ ਗਏ ਹਨ, ਜਿਨ੍ਹਾਂ ਵਿੱਚ 35 ਕੇਸ ਉਨ੍ਹਾਂ ਦੇ ਕਾਰਜਕਾਲ ਦੌਰਾਨ ਦਰਜ ਕੀਤੇ ਗਏ ਸਨ ਜਦਕਿ 3 ਕੇਸ ਪਹਿਲਾਂ ਦੇ ਰਜਿਸਟਰ ਸਨ। ਸਨੈਚਿੰਗ ਦੇ ਕੇਸਾਂ ’ਚ 730390/- ਰੁਪਏ ਚੋਰੀ ਹੋਏ ਸਨ ਜਦੋਂਕਿ 75 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 886990 ਰੁਪਏ ਰਿਕਵਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐੱਨਡੀਪੀਐੱਸ ਦੇ ਦਰਜ 42 ਕੇਸਾਂ ਵਿੱਚ 89 ਵਿਅਕਤੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਪਾਸੋਂ 18800 ਕਿਲੋਗ੍ਰਾਮ ਹੈਰੋਇਨ, 225 ਗ੍ਰਾਮ ਅਫ਼ੀਮ, 3660 ਫਾਰਮਾ ਡਰੱਗ ਅਤੇ ਕੈਪਸੂਲ, 3 ਕਿਲੋ ਗਾਂਜਾ, 3302000 ਰੁਪਏ ਡਰੱਗ ਮਨੀ ਅਤੇ ਅੱਠ ਵਾਹਨ ਬਰਾਮਦ ਕੀਤੇ ਗਏ।