ਜਾਖੜ ਨੇ ਕਿਸਾਨੀ ਮਾਮਲੇ ਮੁੱਦੇ ’ਤੇ ਕਾਂਗਰਸ ਤੇ ‘ਆਪ’ ਨੂੰ ਘੇਰਿਆ
ਆਤਿਸ਼ ਗੁਪਤਾ
ਚੰਡੀਗੜ੍ਹ, 30 ਨਵੰਬਰ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦੋਵੇਂ ਪਾਰਟੀਆਂ ਕਿਸਾਨੀ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੇ ਐੱਮਪੀ ਸੰਸਦ ਵਿੱਚ ਕਿਸਾਨਾਂ ਦੇ ਨਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ ਪਰ ਜਦੋਂ ਫ਼ਸਲ ਦੇ ਭਾਅ ਵਿੱਚ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਦਾ ਕੱਟ ਲਗਾ ਕੇ ਅੰਨਦਾਦਾ ਦੀ ਲੁੱਟ ਕੀਤੀ ਜਾ ਰਹੀ ਸੀ, ਉਸ ਸਮੇਂ ਉਹ ਸਾਰੇ ਚੋਣਾਂ ਲੜਨ ਵਿੱਚ ਰੁੱਝੇ ਰਹੇ ਤੇ ਕਿਸਾਨਾਂ ਦੇ ਹੱਕ ਵਿੱਚ ਇੱਕ ਵਾਰ ਵੀ ਆਵਾਜ਼ ਨਹੀਂ ਚੁੱਕੀ। ਸ੍ਰੀ ਜਾਖੜ ਨੇ ‘ਆਪ’ ਤੇ ਹਮਲਾ ਕਰਦਿਆਂ ਕਿਹਾ ਕਿ ‘ਆਪ’ ਵੱਲੋਂ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ‘ਆਪ’ ਸਰਕਾਰ ਵੱਲੋਂ ਜਾਣਬੁੱਝ ਕੇ ਕਿਸਾਨਾਂ ਦੀ ਫ਼ਸਲ ਕਈ-ਕਈ ਦਿਨ ਨਹੀਂ ਖ਼ਰੀਦੀ ਗਈ। ਉਨ੍ਹਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ‘ਆਪ’ ਤੇ ਕਾਂਗਰਸ ਦਾ ਘਿਰਾਓ ਕਰਨ ਦੀ ਅਪੀਲ ਕੀਤੀ ਤਾਂ ਕਿ ਦੋਵਾਂ ਪਾਰਟੀਆਂ ਤੋਂ ਕਿਸਾਨਾਂ ਨਾਲ ਕੀਤੀ ਗਈ ਧੋਖਾਧੜੀ ਦਾ ਜਵਾਬ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕਣ ਲਈ ਕੋਈ ਮਜ਼ਬੂਤ ਧਿਰ ਨਾ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਰ ਕੇ ਹਰ ਵਰਗ ਦੀ ਆਵਾਜ਼ ਮਜ਼ਬੂਤੀ ਨਾਲ ਚੁੱਕਣ ਲਈ ਇੱਕ ਮਜ਼ਬੂਤ ਧਿਰ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ।