ਪੰਜਾਬ ਭਾਜਪਾ ਦੀ ਮੀਟਿੰਗ ’ਚੋਂ ਜਾਖੜ ਗ਼ੈਰਹਾਜ਼ਰ
ਚਰਨਜੀਤ ਭੁੱਲਰ
ਚੰਡੀਗੜ੍ਹ, 30 ਸਤੰਬਰ
ਪੰਜਾਬ ਭਾਜਪਾ ਦੀ ਸੂਬਾਈ ਮੀਟਿੰਗ ’ਚੋਂ ਪ੍ਰਧਾਨ ਸੁਨੀਲ ਜਾਖੜ ਅੱਜ ਗ਼ੈਰਹਾਜ਼ਰ ਰਹੇ। ਇਸ ਨੇ ਉਨ੍ਹਾਂ ਦੇ ਅਸਤੀਫ਼ੇ ਦੇ ਭੇਤ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਨੇ ਅੱਜ ਇੱਥੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿੱਚ ਪੰਚਾਇਤੀ ਚੋਣਾਂ ਅਤੇ ਆਗਾਮੀ ਚਾਰ ਜ਼ਿਮਨੀ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੇਸ਼ੱਕ ਅੱਜ ਦੀ ਮੀਟਿੰਗ ਵਿੱਚ ਸੁਨੀਲ ਜਾਖੜ ਦੇ ਮਾਮਲੇ ’ਤੇ ਕੋਈ ਚਰਚਾ ਨਹੀਂ ਹੋਈ ਹੈ।
ਸ੍ਰੀ ਜਾਖੜ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਪ੍ਰਧਾਨ ਸੁਨੀਲ ਜਾਖੜ 27 ਸਤੰਬਰ ਤੋਂ ਦਿੱਲੀ ਵਿੱਚ ਹਨ ਅਤੇ ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਚੰਡੀਗੜ੍ਹ ਮੀਟਿੰਗ ਵਿਚ ਨਹੀਂ ਆ ਸਕਣਗੇ। ਕੁੱਝ ਵੀ ਹੋਵੇ ਪਰ ਅਹਿਮ ਮੀਟਿੰਗ ’ਚੋਂ ਜਾਖੜ ਦੀ ਗ਼ੈਰ-ਮੌਜੂਦਗੀ ਨੂੰ ਲੈ ਕੇ ਅਸਤੀਫ਼ੇ ਦਾ ਸ਼ੱਕ ਸੱਚ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। ਅੱਜ ਮੀਟਿੰਗ ਉਪਰੰਤ ਭਾਜਪਾ ਆਗੂਆਂ ਨੇ ਮੁੜ ਕਿਹਾ ਕਿ ਸੁਨੀਲ ਜਾਖੜ ਹੀ ਪ੍ਰਧਾਨ ਹਨ।
ਮੀਟਿੰਗ ਮਗਰੋਂ ਪੰਚਾਇਤ ਚੋਣਾਂ ’ਚ ਧਾਂਦਲੀ ਦੇ ਤੌਖਲਿਆਂ ਬਾਰੇ ਭਾਜਪਾ ਆਗੂਆਂ ਦਾ ਵਫ਼ਦ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਵਫ਼ਦ ਵਿਚ ਭਾਜਪਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਫ਼ਤਹਿਜੰਗ ਬਾਜਵਾ, ਸੁੱਚਾ ਰਾਮ ਲੁੱਧੜ, ਰਾਜੇਸ਼ ਕੁਮਾਰ, ਬੋਨੀ ਅਜਨਾਲਾ ਅਤੇ ਜੈਇੰਦਰ ਕੌਰ ਆਦਿ ਸ਼ਾਮਲ ਸਨ।
ਸ੍ਰੀ ਰੁਪਾਨੀ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਪਿੰਡਾਂ ਦੀਆਂ ਪੰਚਾਇਤੀ ਚੋਣਾਂ ’ਚ ਉਮੀਦਵਾਰ ਖੜ੍ਹੇ ਕੀਤੇ ਜਾਣ। ਭਾਜਪਾ ਆਗੂਆਂ ਨੇ ਪਿੰਡਾਂ ਦੇ ਭਾਜਪਾ ਪ੍ਰਤੀ ਮਾਹੌਲ ਤੋਂ ਜਾਣੂ ਕਰਾਇਆ। ਵਿਜੇ ਰੁਪਾਨੀ ਨੇ ਅੱਜ ਮੀਟਿੰਗ ਵਿਚ ਆਗਾਮੀ ਚਾਰ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਇੰਚਾਰਜਾਂ ਦੀ ਤਾਇਨਾਤੀ ਕੀਤੀ ਹੈ।