ਚੋਰੀ ਦੇ ਦਸ ਮੋਟਰਸਾਈਕਲਾਂ ਸਣੇ ਦੋ ਮੁਲਜ਼ਮ ਜੈਤੋ ਪੁਲੀਸ ਵੱਲੋਂ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜੈਤੋ, 3 ਸਤੰਬਰ
ਜੈਤੋ ਪੁਲੀਸ ਨੇ ਅਪਰਾਧੀਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਕਥਿਤ 10 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਚੋਰਾਂ ਨੂੰ ਦਬੋਚਣ ’ਚ ਸਫ਼ਲਤਾ ਹਾਸਲ ਕੀਤੀ ਹੈ। ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸਬ ਡਿਵੀਜ਼ਨ ਜੈਤੋ ਦੇ ਡੀਐਸਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਇਹ ਅਹਿਮ ਪ੍ਰਾਪਤੀ ਸੀਆਈਏ ਜੈਤੋ ਵੱਲੋਂ ਥਾਣਾ ਜੈਤੋ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਏਐਸਆਈ ਪਰਮਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਦਾਣਾ ਮੰਡੀ ਨੇੜੇ ਅੱਜ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦਿਆਂ ਜਦੋਂ ਬਾਜਾ ਚੌਕ ਜੈਤੋ ਵਿਖੇ ਪਹੁੰਚੇ ਤਾਂ ਕਿਸੇ ਨੇ ਇਤਲਾਹ ਦਿੱਤੀ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਪਿੰਡ ਰਣ ਸਿੰਘ ਵਾਲਾ (ਜ਼ਿਲ੍ਹਾ ਫ਼ਰੀਦਕੋਟ) ਦਾ ਮਨਪ੍ਰੀਤ ਸਿੰਘ ਉਰਫ਼ ਬੱਬੂ ਅਤੇ ਪਿੰਡ ਵਾਂਦਰ (ਜ਼ਿਲ੍ਹਾ ਮੋਗਾ) ਦਾ ਬਾਸ਼ਿੰਦਾ ਧਰਮ ਸਿੰਘ ਉਰਫ਼ ਧਰਮਾ, ਚੋਰੀ ਦਾ ਮੋਟਰਸਾਈਕਲ ਵੇਚਣ ਲਈ ਬਠਿੰਡਾ ਰੋਡ ’ਤੇ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਥਾਣੇ ’ਚ ਪਰਚਾ ਦਰਜ ਕਰਨ ਮਗਰੋਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਦੋਵਾਂ ਕੋਲੋਂ 9 ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ ਹਨ, ਜੋ ਕਿ ਉਨ੍ਹਾਂ ਜੈਤੋ, ਕੋਟਕਪੂਰਾ ਅਤੇ ਬਾਜਾਖਾਨਾ ਖੇਤਰਾਂ ’ਚੋਂ ਚੋਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਕੋਲੋਂ ਹੋਰ ਖੁਲਾਸ ਹੋਣ ਦੀ ਉਮੀਦ ਹੈ।