For the best experience, open
https://m.punjabitribuneonline.com
on your mobile browser.
Advertisement

ਜੈਤੋ ਮੋਰਚਾ ਸ਼ਤਾਬਦੀ ਸਮਾਗਮ: ਸਿੱਖ ਕੌਮ ਨੂੰ ਇੱਕਜੁਟਤਾ ਦਾ ਸੱਦਾ

07:26 AM Feb 22, 2024 IST
ਜੈਤੋ ਮੋਰਚਾ ਸ਼ਤਾਬਦੀ ਸਮਾਗਮ  ਸਿੱਖ ਕੌਮ ਨੂੰ ਇੱਕਜੁਟਤਾ ਦਾ ਸੱਦਾ
ਜੈਤੋ ਮੋਰਚੇ ਦੀ ਸ਼ਤਾਬਦੀ ਮੌਕੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਕੀਤੇ ਗਏ ਵਿਸ਼ਾਲ ਸਮਾਗਮ ਵਿੱਚ ਸ਼ਾਮਲ ਸੰਗਤ।
Advertisement

ਸ਼ਗਨ ਕਟਾਰੀਆ
ਜੈਤੋ, 21 ਫਰਵਰੀ
ਇੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਤੋ ਦੇ ਮੋਰਚੇ ਦੀ ਸ਼ਤਾਬਦੀ ਮਨਾਈ ਗਈ। ਇਸ ਸਬੰਧ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਇਆ। ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ਾਲ ਪੰਡਾਲ ਵਿਚ ਸਜਾਏ ਗਏ ਸਮਾਗਮ ਸਮੇਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੌਜੂਦਾ ਸਮੇਂ ਦੌਰਾਨ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਇਤਿਹਾਸ ਦੀ ਸੇਧ ਵਿੱਚ ਇਕਜੁਟਤਾ ਨਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਜੈਤੋ ਦਾ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦੀ ਬਹਾਲੀ ਲਈ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਵਿਰੁੱਧ ਕੌਮੀ ਜਜ਼ਬੇ ਦੀ ਅਦੁੱਤੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਸਰਕਾਰਾਂ ਵੱਲੋਂ ਨਾ ਕੇਵਲ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ, ਬਲਕਿ ਕੌਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਵੀ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜੋਕੇ ਹਾਲਾਤ ਦਾ ਟਾਕਰਾ ਕਰਨ ਲਈ ਜੈਤੋ ਦੇ ਮੋਰਚੇ ਤੋਂ ਸੇਧ ਲੈਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਨਾ ਕੇਵਲ ਆਪਣੀ ਕੌਮ ਲਈ ਸ਼ਹਾਦਤਾਂ ਦਿੱਤੀਆਂ, ਬਲਕਿ ਦੇਸ਼ ਅਤੇ ਮਨੁੱਖਤਾ ਖਾਤਰ ਵੀ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਸੀ ਕਿ ਹਕੂਮਤਾਂ ਨੂੰ ਸਿੱਖ ਕੌਮ ਹਮੇਸ਼ਾ ਰੜਕਦੀ ਰਹੀ। ਇਸੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਜਬਰ ਜੁਲਮ ਦੀ ਹਨ੍ਹੇਰੀ ਝੁੱਲੀ ਤਾਂ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਮੁਕਾਬਲਾ ਕੀਤਾ।

Advertisement

ਦੁਸ਼ਮਣਾਂ ਦੇ ਟਾਕਰੇ ਲਈ ਅਕਾਲੀ ਦਲ ਦੇ ਝੰਡੇ ਹੇਠ ਇਕੱਠੀ ਹੋਵੇ ਸਿੱਖ ਕੌਮ: ਸੁਖਬੀਰ

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਪੰਥ ਦੇ ਦੁਸ਼ਮਣਾਂ ਦੇ ਟਾਕਰੇ ਲਈ ਅਕਾਲੀ ਦਲ ਦੇ ਝੰਡੇ ਹੇਠ ਇਕੱਠੀ ਹੋਵੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਵੰਡਣ ਲਈ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਇਹ ਸਭ ਕੁੱਝ ਇਸ ਕਰਕੇ ਹੋ ਰਿਹਾ ਹੈ ਕਿਉਂ ਕਿ ਸਾਡੀ ਕੌਮ ਵਿੱਚ ਕੁੱਝ ਗੱਦਾਰ ਬੈਠੇ ਹਨ, ਜੋ ਭੇਸ ਬਦਲ ਕੇ ਸਾਡੇ ਵਿੱਚ ਹੀ ਰਲੇ ਹੋਏ ਹਨ ਅਤੇ ਕੌਮ ਨੂੰ ਕਮਜ਼ੋਰ ਕਰਨ ਲਈ ਕੰਮ ਕਰ ਰਹੇ ਹਨ।’ ਇਹ ਪ੍ਰਗਟਾਵਾ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਜੈਤੋ ਮੋਰਚੇ’ ਸ਼ਤਾਬਦੀ ਸਬੰਧੀ ਹੋਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

Advertisement
Author Image

sukhwinder singh

View all posts

Advertisement
Advertisement
×