ਜੈਸ਼ੰਕਰ ਦੀ ਪਾਕਿਸਤਾਨ ਫੇਰੀ
ਤਕਰੀਬਨ ਨੌਂ ਸਾਲਾਂ ਵਿੱਚ ਭਾਰਤੀ ਵਿਦੇਸ਼ ਮੰਤਰੀ ਦੀ ਪਹਿਲੀ ਪਾਕਿਸਤਾਨ ਫੇਰੀ ਨੂੰ ਹਰੀ ਝੰਡੀ ਮਿਲਣਾ ਇਸ ਗੱਲ ਵੱਲ ਸੰਕੇਤ ਸੀ ਕਿ ਪਰਦੇ ਪਿਛਲੀ ਕੂਟਨੀਤੀ ਲਾਹੇਵੰਦ ਰਹੀ। ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਦੇ ਸੰਮੇਲਨ ਲਈ ਇਸਲਾਮਾਬਾਦ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਦੀ ਪਾਕਿਸਤਾਨ ਨੀਤੀ ’ਚ ਕਿਤੇ ਕੋਈ ਢਿੱਲ-ਮੱਠ ਨਹੀਂ ਆਈ। ਇਸ ਨਾਲ ਦੁਨੀਆ ਨੂੰ ਇਹ ਸੁਨੇਹਾ ਗਿਆ ਕਿ ਭਾਰਤ ਕਿਸੇ ਵੀ ਹਾਂ-ਪੱਖੀ ਸੰਕੇਤ ਦਾ ਹੁੰਗਾਰਾ ਭਰਨ ਲਈ ਤਿਆਰ ਹੈ। ਪਾਕਿਸਤਾਨ ਦੀ ਰਾਜਧਾਨੀ ਵਿੱਚ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ, ਇੰਤਹਾਪਸੰਦੀ ਅਤੇ ਵੱਖਵਾਦ ਜਿਹੀਆਂ ਤਿੰਨ ਬੁਰਾਈਆਂ ਵਾਲੀਆਂ ਸਰਗਰਮੀਆਂ ਵਪਾਰ, ਊਰਜਾ ਪ੍ਰਵਾਹ, ਸਿਆਸੀ ਮੇਲ-ਜੋਲ ਅਤੇ ਲੋਕਾਂ ਦੇ ਆਪਸੀ ਮਿਲਵਰਤਣ ਨੂੰ ਉਤਸ਼ਾਹਿਤ ਨਹੀਂ ਕਰਨਗੀਆਂ। ਦਰਅਸਲ, ਭਾਰਤ ਅਤੇ ਪਾਕਿਸਤਾਨ ਦੀ ਸ਼ਮੂਲੀਅਤ ਵਾਲੇ ਕਿਸੇ ਵੀ ਮੰਚ ’ਤੇ ਵੈਰ-ਭਾਵ ਨੂੰ ਤਜ ਕੇ ਸਖ਼ਤ ਸ਼ਬਦ ਆਪਮੁਹਾਰੇ ਪ੍ਰਗਟਾਏ ਜਾਂਦੇ ਹਨ। ਚਾਹੇ ਗੱਲਬਾਤ ਮੁੜ ਸ਼ੁਰੂ ਨਾ ਵੀ ਹੋਵੇ ਪਰ ਸ੍ਰੀ ਜੈਸ਼ੰਕਰ ਦੀ ਆਪਣੇ ਹਮਰੁਤਬਾ ਇਸਹਾਕ ਡਾਰ ਨਾਲ ਗ਼ੈਰ-ਰਸਮੀ ਗੱਲਬਾਤ ਨੇ ਦੁਵੱਲੇ ਰਿਸ਼ਤਿਆਂ ਵਿੱਚ ਆਏ ਗਹਿਰੇ ਜਮੂਦ ਦੇ ਟੁੱਟਣ ਦੀਆਂ ਆਸਾਂ ਵਧਾ ਦਿੱਤੀਆਂ ਹਨ।
ਭਾਰਤ ਵਿੱਚ ਸਮੇਂ-ਸਮੇਂ ਆਈਆਂ ਸਰਕਾਰਾਂ ਲਈ ਪਾਕਿਸਤਾਨ ਨਾਲ ਸੀਮਤ ਪੱਧਰ ’ਤੇ ਰਿਸ਼ਤੇ ਬਣਾਈ ਰੱਖਣਾ ਵੀ ਚੁਣੌਤੀਪੂਰਨ ਰਿਹਾ ਹੈ। ਇਸਲਾਮਾਬਾਦ (ਪਾਕਿਸਤਾਨ ਸਰਕਾਰ) ਜਾਂ ਕਹਿ ਲਓ ਰਾਵਲਪਿੰਡੀ (ਪਾਕਿਸਤਾਨੀ ਫ਼ੌਜ) ਦੀ ਭਰੋਸਾ ਤੋੜਨ ਦੀ ਬਿਰਤੀ ਗੁਆਂਢੀ ਮੁਲਕ ਦੀ ਨੀਅਤ ਉੱਤੇ ਸ਼ੱਕ ਵਧਾਉਂਦੀ ਹੈ। ਦਹਿਸ਼ਤਗਰਦੀ ਨਾਲ ਕਿਸੇ ਵੀ ਹੀਲੇ ਸਮਝੌਤਾ ਨਾ ਕਰਨ ਦਾ ਆਪਣਾ ਪੱਖ ਸਾਹਮਣੇ ਰੱਖਦਿਆਂ ਨਵੀਂ ਦਿੱਲੀ ਨੂੰ ਆਪਣੇ ਇਸ ਗੁਆਂਢੀ ਨਾਲ ਸਬੰਧ ਸੁਖਾਵੇਂ ਬਣਾਉਣ ਦੇ ਤਰੀਕੇ ਅਜ਼ਮਾਉਂਦੇ ਰਹਿਣਾ ਚਾਹੀਦਾ ਹੈ। ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖਣਾ ਬੇਹੱਦਾ ਅਹਿਮ ਹੈ। ਬੀਤੇ ਸਮੇਂ ਵਾਂਗ ਕ੍ਰਿਕਟ ਕੂਟਨੀਤੀ ਭਾਰਤ ਦੇ ਕੰਮ ਸ਼ਾਇਦ ਆਵੇ ਜਾਂ ਨਾ ਪਰ ਦੀਰਘ ਕਾਲੀ ਯੋਜਨਾਵਾਂ ਦੇ ਮੱਦੇਨਜ਼ਰ ਇਹ ਠੰਢੇ ਪੈ ਚੁੱਕੇ ਰਿਸ਼ਤਿਆਂ ਵਿੱਚ ਨਿੱਘ ਭਰਨ ’ਚ ਸਹਾਈ ਹੋ ਸਕਦੀ ਹੈ।
ਵਿਦੇਸ਼ ਮੰਤਰੀ ਦੀ ਫੇਰੀ ਨਿਰਵਿਘਨ ਮੁਕੰਮਲ ਹੋਣ ਨੂੰ ਉਸਾਰੂ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਹ ਭਾਵੇਂ ਛੋਟਾ ਕਦਮ ਸਹੀ ਪਰ ਇਸ ਦਿਸ਼ਾ ਵਿੱਚ ਅੱਗੇ ਵਧਣ ਦਾ ਯਤਨ ਹੈ। ਗੇਂਦ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਪਾਲੇ ਵਿੱਚ ਹੈ। ਦੋਵਾਂ ਮੁਲਕਾਂ ਦੇ ਸਬੰਧ ਸੁਖਾਵੇਂ ਬਣਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਭਰਾ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਪੁਰਾਣਾ ਰਿਕਾਰਡ ਵੀ ਕੋਈ ਵਿਸ਼ਵਾਸ ਨਹੀਂ ਜਗਾਉਂਦਾ। ਦਰਅਸਲ, ਸ਼ਰੀਫ਼ ਭਰਾਵਾਂ ਨੂੰ ਭਾਰਤ ਤੋਂ ਪਹਿਲਾਂ ਪਾਕਿਸਤਾਨ ਦੀ ਫ਼ੌਜ ਨਾਲ ਸਿੱਝਣਾ ਪੈਣਾ ਹੈ। ਨਵੀਂ ਦਿੱਲੀ ਇਸ ਦੇ ਸਿੱਟਿਆਂ ’ਤੇ ਨਜ਼ਰ ਰੱਖੇਗੀ।