ਜੈਸ਼ੰਕਰ ਜਾਣਗੇ ਪਾਕਿਸਤਾਨ, ਐੱਸਸੀਓ ਸਿਖ਼ਰ ਸੰਮੇਲਨ ਵਿੱਚ ਲੈਣਗੇ ਹਿੱਸਾ
ਨਵੀਂ ਦਿੱਲੀ, 4 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਅੱਜ ਦਿੱਤੀ। ਜੈਸਵਾਲ ਨੇ ਕਿਹਾ, ‘ਵਿਦੇਸ਼ ਮੰਤਰੀ ਜੈਸ਼ੰਕਰ ਪਾਕਿਸਤਾਨ ’ਚ ਹੋਣ ਵਾਲੇ ਐੱਸਸੀਓ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਇਹ ਸਿਖ਼ਰ ਸੰਮੇਲਨ 15-16 ਅਕਤੂਬਰ ਨੂੰ ਇਸਲਾਮਾਬਾਦ ’ਚ ਹੋਵੇਗਾ।’ ਤਰਜਮਾਨ ਨੇ ਕਿਹਾ ਕਿ ਵਿਦੇਸ਼ ਮੰਤਰੀ ਸਿਰਫ਼ ਐੱਸਸੀਓ ਸਿਖ਼ਰ ਸੰਮੇਲਨ ’ਚ ਹਿੱਸਾ ਲਈ ਪਾਕਿਸਤਾਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਅਗਸਤ ’ਚ ਪਾਕਿਸਤਾਨ ਨੇ ਸਰਕਾਰਾਂ ਦੇ ਮੁਖੀਆਂ ਦੀ ਐੱਸਸੀਓ ਕੌਂਸਲ ਦੇ ਸੰਮੇਲਨ ’ਚ ਸ਼ਮੂਲੀਅਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਚੇਚੇ ਤੌਰ ’ਤੇ ਸੱਦਾ ਭੇਜਿਆ ਸੀ। ਇਸ ਤੋਂ ਪਹਿਲਾਂ ਦਸੰਬਰ 2015 ’ਚ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਦੇ ਦੌਰੇ ’ਤੇ ਗਏ ਸਨ, ਜਿਥੇ ਉਨ੍ਹਾਂ ਅਫ਼ਗਾਨਿਸਤਾਨ ਬਾਰੇ ਕਾਨਫਰੰਸ ’ਚ ਹਿੱਸਾ ਲਿਆ ਸੀ। ਜੈਸ਼ੰਕਰ ਦਾ ਪਾਕਿਸਤਾਨ ਦੌਰਾਨ ਅਹਿਮੀਅਤ ਰੱਖਦਾ ਹੈ ਕਿਉਂਕਿ ਭਾਰਤ ਨੇ ਐੱਸਸੀਓ ਪ੍ਰਤੀ ਆਪਣੀ ਵਚਨਬੱਧਤਾ ਦਿਖਾਈ ਹੈ ਜੋ ਖ਼ਿੱਤੇ ’ਚ ਸੁਰੱਖਿਆ ਸਹਿਯੋਗ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਮਈ 2023 ’ਚ ਗੋਆ ’ਚ ਹੋਈ ਐੱਸਸੀਓ ਮੀਟਿੰਗ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸ਼ਮੂਲੀਅਤ ਕੀਤੀ ਸੀ। ਇਹ ਪਾਕਿਸਤਾਨ ਦੇ ਕਿਸੇ ਵਿਦੇਸ਼ ਮੰਤਰੀ ਦਾ ਛੇ ਸਾਲਾਂ ’ਚ ਪਹਿਲਾ ਦੌਰਾ ਸੀ। -ਏਐੱਨਆਈ/ਪੀਟੀਆਈ
ਜੈਸ਼ੰਕਰ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
ਕੋਲੰਬੋ:
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰਾ ਦੀਸਾਨਾਇਕੇ ਤੇ ਪ੍ਰਧਾਨ ਮੰਤਰੀ ਹਰਿਨੀ ਅਮਾਰਾਸੂਰਿਆ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਦੋਵੇਂ ਆਗੂਆਂ ਨਾਲ ਭਾਰਤ-ਸ੍ਰੀਲੰਕਾ ਸਬੰਧ ਮਜ਼ਬੂਤ ਕਰਨ ਤੇ ਸਹਿਯੋਗ ਵਧਾਉਣ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਸ੍ਰੀਲੰਕਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਵੱਲੋਂ ਹਮਾਇਤ ਦੇਣ ਦਾ ਭਰੋਸਾ ਦਿੱਤਾ। ਸ੍ਰੀਲੰਕਾ ’ਚ ਨਵੀਂ ਸਰਕਾਰ ਦੇ ਸੱਤਾ ’ਚ ਆਉਣ ਮਗਰੋਂ ਜੈਸ਼ੰਕਰ ਪਹਿਲੇ ਵਿਦੇਸ਼ੀ ਆਗੂ ਹਨ ਜਿਨ੍ਹਾਂ ਮੁਲਕ ਦਾ ਦੌਰਾ ਕੀਤਾ ਹੈ। ਦੀਸਾਨਾਇਕੇ ਨੇ ਕਿਹਾ ਕਿ ਉਨ੍ਹਾਂ ਜੈਸ਼ੰਕਰ ਨਾਲ ਸੈਰ-ਸਪਾਟੇ, ਊਰਜਾ, ਸੁਰੱਖਿਆ ਅਤੇ ਕੌਮੀ ਏਕਤਾ ਜਿਹੇ ਮੁੱਦਿਆਂ ਬਾਰੇ ਚਰਚਾ ਕੀਤੀ। -ਪੀਟੀਆਈ
ਪਾਕਿ ਵੱਲੋਂ ਹਥਿਆਰਬੰਦ ਬਲਾਂ ਲਈ 45 ਅਰਬ ਦੇ ਬਜਟ ਨੂੰ ਮਨਜ਼ੂਰੀ
ਇਸਲਾਮਾਬਾਦ:
ਪਾਕਿਸਤਾਨ ਸਰਕਾਰ ਨੇ ਚੀਨ ਦੇ ਵਪਾਰਕ ਹਿੱਤਾਂ ਦੀ ਰਾਖੀ ਕਰਨ ਅਤੇ ਕੌਮਾਂਤਰੀ ਸਰਹੱਦਾਂ ’ਤੇ ਕੰਡਿਆਲੀ ਤਾਰ ਲਾਉਣ ਦਾ ਪ੍ਰਬੰਧ ਕਰਨ ਦੀ ਉਸ ਦੀ ਸਮਰੱਥਾ ਮਜ਼ਬੂਤ ਕਰਨ ਲਈ ਹਥਿਆਰਬੰਦ ਬਲਾਂ ਲਈ 45 ਅਰਬ ਰੁਪਏ ਦਾ ਵਾਧੂ ਬਜਟ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਇਹ ਫ਼ੈਸਲਾ ਵੀਰਵਾਰ ਨੂੰ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ (ਈਸੀਸੀ) ਦੀ ਮੀਟਿੰਗ ਵਿੱਚ ਲਿਆ ਗਿਆ। ਰਿਪੋਰਟ ਅਨੁਸਾਰ 45 ਅਰਬ ਰੁਪਏ ’ਚੋਂ 35.4 ਅਰਬ ਰੁਪਏ ਫੌਜ ਅਤੇ 9.5 ਅਰਬ ਰੁਪਏ ਜਲ ਸੈਨਾ ਨੂੰ ਵੱਖ-ਵੱਖ ਉਦੇਸ਼ਾਂ ਲਈ ਦਿੱਤੇ ਜਾਣਗੇ। ਈਸੀਸੀ ਨੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਰੱਖਿਆ ਸੇਵਾਵਾਂ ਦੇ ਪਹਿਲਾਂ ਤੋਂ ਹੀ ਮਨਜ਼ੂਰ ਪ੍ਰਾਜੈਕਟਾਂ ਲਈ 45 ਅਰਬ ਰੁਪਏ ਦੀ ਤਕਨੀਕੀ ਸਪਲੀਮੈਂਟਰੀ ਗ੍ਰਾਂਟ ਲਈ ਰੱਖਿਆ ਡਿਵੀਜ਼ਨ ਵੱਲੋਂ ਪੇਸ਼ ਤਜਵੀਜ਼ ’ਤੇ ਵਿਚਾਰ ਕੀਤਾ ਅਤੇ ਇਸ ਨੂੰ ਮਨਜ਼ੂਰੀ ਦਿੱਤੀ। ਜੂਨ ਵਿੱਚ ਬਜਟ ਦੀ ਮਨਜ਼ੂਰੀ ਤੋਂ ਬਾਅਦ ਹਥਿਆਰਬੰਦ ਬਲਾਂ ਲਈ ਇਹ ਦੂਜੀ ਵੱਡੀ ਸਪਲੀਮੈਂਟਰੀ ਗ੍ਰਾਂਟ ਨੂੰ ਮਨਜ਼ੂਰ ਦਿੱਤੀ ਗਈ ਹੈ। ਈਸੀਸੀ ਨੇ ‘ਅਪਰੇਸ਼ਨ ਆਜ਼ਮ-ਏ-ਇਸਤੇਹਕਾਮ’ ਲਈ 60 ਅਰਬ ਰੁਪਏ ਦਿੱਤੇ ਸਨ। ਇਹ ਸਪਲੀਮੈਂਟਰੀ ਗ੍ਰਾਂਟ 2127 ਅਰਬ ਰੁਪਏ ਦੇ ਰੱਖਿਆ ਬਜਟ ਤੋਂ ਵੱਖਰੀ ਹੈ। ਅਤਿਵਾਦੀ ਹਮਲਿਆਂ ਦੀ ਵਧਦੀ ਗਿਣਤੀ ਕਾਰਨ ਚੀਨ ਨੇ ਆਪਣੀਆਂ ਸੁਰੱਖਿਆ ਚਿੰਤਾਵਾਂ ਦੂਰ ਕਰਨ ਲਈ ਅਤਿਵਾਦ ਵਿਰੋਧੀ ਸਹਿਯੋਗ ਸਬੰਧੀ ਇਕ ਸਮਝੌਤੇ ’ਤੇ ਦਸਤਖਤ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ