ਜੈਸ਼ੰਕਰ ਨੇ ਬਿਮਸਟੈੱਕ ਨਾਲ ਸਬੰਧ ਮਜ਼ਬੂਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ
ਨਿਊ ਯਾਰਕ, 28 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ‘ਗੁਆਂਢੀ ਪਹਿਲਾਂ’ ਅਤੇ ‘ਐਕਟ ਈਸਟ’ ਨੀਤੀਆਂ ਅਨੁਸਾਰ ਸੱਤ ਮੁਲਕਾਂ ਦੇ ਸਮੂਹ ‘ਬਿਮਸਟੈਕ’ ਨਾਲ ਭਾਈਵਾਲੀ ’ਚ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 79 ਸੈਸ਼ਨ ’ਚ ਹਿੱਸਾ ਲੈਣ ਲਈ ਅਮਰੀਕਾ ਦੀ ਯਾਤਰਾ ’ਤੇ ਆਏ ਜੈਸ਼ੰਕਰ ਨੇ ਬੀਤੇ ਦਿਨ ਉੱਚ ਪੱਧਰੀ ਸੈਸ਼ਨ ਦੇ ਇੱਕ ਪਾਸੇ ਨਿਊਯਾਰਕ ’ਚ ਬੰਗਾਲ ਦੀ ਖਾੜੀ ਬਹੁ-ਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਪਹਿਲ (ਬਿਸਮਟੈਕ) ਦੀ ਵਿਦੇਸ਼ ਮੰਤਰੀਆਂ ਦੀ ਗ਼ੈਰ-ਰਸਮੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਬਿਸਮਟੈੱਕ ਆਗੂਆਂ ਦੇ ਸਿਖ਼ਰ ਸੰਮੇਲਨ ਦੀ ਤਿਆਰੀ ਲਈ ਕੀਤੀ ਗਈ ਹੈ। ਜੈਸ਼ੰਕਰ ਨੇ ਐਕਸ ’ਤੇ ਪੋਸਟ ’ਚ ਕਿਹਾ, ‘ਸਿਹਤ, ਖੁਰਾਕ ਸੁਰੱਖਿਆ, ਵਪਾਰ, ਨਿਵੇਸ਼, ਅਰਥਚਾਰਾ ਤੇ ਊਰਜਾ ’ਚ ਸਾਡੇ ਨੇੜਲੇ ਸਹਿਯੋਗ ਦਾ ਜਾਇਜ਼ਾ ਲਿਆ। ਪੂਰੇ ਖੇਤਰ ’ਚ ਭੌਤਿਕ, ਸਮੁੰਦਰੀ ਤੇ ਡਿਜੀਟਲ ਸੰਪਰਕ ’ਚ ਸੁਧਾਰ ’ਤੇ ਧਿਆਨ ਕੇਂਦਰਿਤ ਕੀਤਾ ਗਿਆ।’ ਉਨ੍ਹਾਂ ਕਿਹਾ, ‘ਸਮਰੱਥਾ ਨਿਰਮਾਣ, ਹੁਨਰ ਵਿਕਾਸ ਅਤੇ ਆਪਸੀ ਸੰਪਰਕ ’ਚ ਸੁਧਾਰ ਲਿਆਉਣ ਦੇ ਮੌਕੇ ਤਲਾਸ਼ ਕੀਤੇ ਗਏ।’
ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਅਰਬ ਅਮੀਰਾਤ (ਯੂਏਈ), ਸਿੰਗਾਪੁਰ, ਉਜ਼ਬੇਕਿਸਤਾਨ ਅਤੇ ਡੈਨਮਾਰਕ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਆਗੂਆਂ ਵਿਚਾਲੇ ਹੋਈ ਵਾਰਤਾ ਦੌਰਾਨ ਭਾਰਤ ਦੇ ਇਨ੍ਹਾਂ ਮੁਲਕਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਦੋਸਤਾਨਾ ਸਬੰਧਾਂ ਨੂੰ ਅੱਗੇ ਲਿਜਾਣ ’ਤੇ ਜ਼ੋਰ ਦਿੱਤਾ ਗਿਆ। ਜੈਸ਼ੰਕਰ ਨੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ, ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਬਖਤਿਆਰ ਸੈਦੋਵ, ਤੁਰਕਮੇਨਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਰਸਿਤ ਮੈਰੇਡੋਵ, ਯੂਏਈ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਇਦ ਬਿਨ ਸੁਲਤਾਨ ਅਲ ਨਾਹਿਆਨ, ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕੇ ਰਾਸਮੁਸੇਨ ਤੇ ਨੈਦਰਲੈਂਡਜ਼ ਦੇ ਵਿਦੇਸ਼ ਮੰਤਰੀ ਕੈਸਪਰ ਵੈਲਡਕੈਂਪ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਤੇ ਕੌਮਾਂਤਰੀ ਮਸਲਿਆਂ ਬਾਰੇ ਚਰਚਾ ਕੀਤੀ। -ਪੀਟੀਆਈ