ਜੈਸ਼ੰਕਰ ਵੱਲੋਂ ਨੇਪਾਲ ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ
ਬੈਂਕਾਕ, 17 ਜੁਲਾਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਨੇਪਾਲ ਅਤੇ ਬੰਗਲਾਦੇਸ਼ ਤੋਂ ਆਪਣੇ ਹਮਰੁਤਬਾ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਤਿੰਨੋਂ ਮੁਲਕਾਂ ਦੇ ਆਗੂਆਂ ਵੱਲੋਂ ਨਿਰਧਾਰਤ ਸਹਿਯੋਗ ਦੇ ਖਰੜੇ ਨੂੰ ਨੇਪਰੇ ਚਾੜ੍ਹਨ ਲਈ ਇਕੱਠਿਆਂ ਮਿਲ ਕੇ ਕੰੰਮ ਕਰਨ ’ਤੇ ਸਹਿਮਤੀ ਪ੍ਰਗਟਾਈ ਤੇ ਖੇਤਰੀ ਮੁੱਦਿਆਂ ’ਤੇ ਵਿਚਾਰ ਪ੍ਰਗਟਾਏ। ਸ੍ਰੀ ਜੈਸ਼ੰਕਰ ਇੱਥੇ ਥਾਈਲੈਂਡ ਵਿੱਚ ਬਿਮਸਟੈਕ ਗੁੱਟ ਦੀਆਂ ਕਾਨਫਰੰਸਾਂ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਤਸਵੀਰਾਂ ਸਮੇਤ ਟਵੀਟ ਕਰਦਿਆਂ ਲਿਖਿਆ,‘ਨੇਪਾਲ ਦੇ ਵਿਦੇਸ਼ ਮੰਤਰੀ ਨਾਰਾਇਣ ਪ੍ਰਕਾਸ਼ ਸੌਂਦ ਨਾਲ ਮੁਲਾਕਾਤ ਚੰਗੀ ਰਹੀ। ਉਨ੍ਹਾਂ ਨਾਲ ਲਗਾਤਾਰ ਸੰਪਰਕ ’ਚ ਰਹਿਣ ਲਈ ਆਸਵੰਦ ਹਾਂ।’ ਉਨ੍ਹਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬਦੁਲ ਮੋਮੇਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਟਵੀਟ ਕੀਤਾ,‘ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬਦੁੱਲ ਮੋਮੇਨ ਨਾਲ ਮਿਲ ਕੇ ਖ਼ੁਸ਼ੀ ਹੋਈ ਹੈ। ਉਨ੍ਹਾਂ ਨਾਲ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਤੇ ਖੇਤਰੀ ਮੁੱਦਿਆਂ ਬਾਰੇ ਵੀ ਗੱਲਬਾਤ ਹੋਈ ਹੈ।’
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਜੈਸ਼ੰਕਰ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਸ਼ਾਂ-ਓ-ਚਾ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਜੈਸ਼ੰਕਰ ਨੇ ਬਿਮਸਟੈਕ ਖਿੱਤੇ ਤੋਂ ਆਪਣੇ ਹਮਰੁਤਬਾ ਵਿਦੇਸ਼ ਮੰਤਰੀਆਂ ਨਾਲ ਵੀ ਉਸਾਰੂ ਗੱਲਬਾਤ ਕੀਤੀ ਜਿਸ ਦੌਰਾਨ ਸਾਰੇ ਆਗੂਆਂ ਨੇ ਤਰੱਕੀ ਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੇ ਸਾਂਝੇ ਟੀਚੇ ਲਈ ਦੋਸਤੀ ਤੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਥਾਈਲੈਂਡ ਵਿੱਚ 30 ਨਵੰਬਰ ਨੂੰ ਬਿਮਸਟੈਕ ਸੰਮੇਲਨ ਮਗਰੋਂ ਭਾਰਤ ਇਸ ਗੁੱਟ ਦਾ ਜਨਰਲ ਸਕੱਤਰ ਬਣ ਜਾਵੇਗਾ। -ਪੀਟੀਆਈ