ਜੈਸ਼ੰਕਰ ਵੱਲੋਂ ਸੀਈਓਜ਼ ਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ
ਸਿਡਨੀ, 7 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਦੁਨੀਆ ਵਧੇਰੇ ਏਕੀਕ੍ਰਿਤ ਕੰਮ ਵਾਲੀ ਥਾਂ ਵੱਲ ਵੱਧ ਰਹੀ ਹੈ, ਜਿਸ ਨਾਲ ਅਮਰੀਕਾ ਸਮੇਤ ਕਈ ਮੁਲਕਾਂ ਨੂੰ ਪਰਵਾਸ ਤੇ ਗਤੀਸ਼ੀਲਤਾ ’ਚ ਫਰਕ ਕਰਨਾ ਪਵੇਗਾ। ਜੈਸ਼ੰਕਰ ਨੇ ਆਸਟਰੇਲੀਆ ’ਚ ਸੀਈਓ ਤੇ ਕਾਰੋਬਾਰੀ ਆਗੂਆਂ ਨਾਲ ਮੀਟਿੰਗ ਦੌਰਾਨ ਪ੍ਰਤਿਭਾ ਤੇ ਹੁਨਰ ਦੀ ਗਤੀਸ਼ੀਲਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਰਪੋਰੇਟ ਹੋਣਗੇ ਜੋ ਤੈਅ ਕਰਨਗੇ ਕਿ ਹੁਨਰ ਕਾਰੋਬਾਰ ਕੋਲ ਜਾਵੇਗਾ ਜਾਂ ਕਾਰੋਬਾਰ ਹੁਨਰ ਕੋਲ ਜਾਵੇਗਾ।
ਆਸਟਰੇਲੀਆ ਦੀ ਪੰਜ ਰੋਜ਼ਾ ਯਾਤਰਾ ’ਤੇ ਆਏ ਜੈਸ਼ੰਕਰ ਨੇ ਕਿਹਾ, ‘ਇੱਥੋਂ ਤੱਕ ਕਿ ਤਕਨੀਕੀ ਤਬਦੀਲੀਆਂ ਤੋਂ ਇਲਾਵਾ ਮੁੜ-ਸੰਸਾਰੀਕਰਨ ਜਾਂ ਮੌਜੂਦਾ ਵਾਸਤੂ ਕਲਾ ’ਤੇ ਵੀ ਕੰਮ ਹੋ ਰਿਹਾ ਹੈ। ਮੈਨੂੰ ਲਗਦਾ ਹੈ ਦੁਨੀਆ ਦੀ ਆਬਾਦੀ ਅਧਾਰਿਤ ਨਾਬਰਾਬਰੀ ਸਾਨੂੰ ਪ੍ਰੇਸ਼ਾਨ ਕਰਨ ਲੱਗੀ ਹੈ।’ ਉਨ੍ਹਾਂ ਅਜਿਹੇ ਅਰਥਚਾਰਿਆਂ ਜਿੱਥੇ ਹੁਨਰ ਵੱਡੇ ਪੱਧਰ ’ਤੇ ਹੈ, ਵੱਲ ਇਸ਼ਾਰਾ ਕਰਦਿਆਂ ਕਿਹਾ, ‘ਅਗਲੇ ਕੁਝ ਸਾਲਾਂ ਅੰਦਰ ਅਸੀਂ ਇੱਕ ਏਕੀਕ੍ਰਿਤ ਕੰਮ ਵਾਲੀ ਥਾਂ ਵੱਲ ਵੱਧ ਰਹੇ ਹਾਂ ਜਿੱਥੇ ਅਮਰੀਕਾ ਸਮੇਤ ਕਈ ਦੇਸ਼ ਪਰਵਾਸ ਤੇ ਗਤੀਸ਼ੀਲਤਾ ’ਚ ਫਰਕ ਕਰਨਗੇ।’
ਮੀਟਿੰਗ ਨਾਲ ਦਿਨ ਦੀ ਚੰਗੀ ਸ਼ੁਰੂਆਤ
ਵਿਦੇਸ਼ ਮੰਤਰੀ ਨੇ ‘ਐਕਸ’ ’ਤੇ ਕਿਹਾ, ‘ਸਿਡਨੀ ’ਚ ਸੀਈਓ ਤੇ ਵਪਾਰ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰਕੇ ਦਿਨ ਦੀ ਚੰਗੀ ਸ਼ੁਰੂਆਤ ਹੋਈ। ਡਿਜੀਟਲ, ਬੁਨਿਆਦੀ ਢਾਂਚੇ, ਨਿਰਮਾਣ ਤੇ ਹੁਨਰ ’ਚ ਭਾਰਤ ’ਚ ਹੋ ਰਹੀਆਂ ਤਬਦੀਲੀਆਂ ਨੂੰ ਉਭਾਰਿਆ ਗਿਆ।’ ਜੈਸ਼ੰਕਰ ਨੇ ਸਿਡਨੀ ਦੇ ਨਿਊ ਸਾਊਥ ਵੇਲਜ਼ ਦੀ ਸੰਸਦ ’ਚ ਪਰਵਾਸੀ ਭਾਰਤੀ ਭਾਈਚਾਰੇ ਦੇ ਮੈਂਬਰਾਂ, ਸੰਸਦ ਮੈਂਬਰਾਂ ਤੇ ਭਾਰਤ ਦੇ ਮਿੱਤਰਾਂ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ