ਜੈਸ਼ੰਕਰ ਵੱਲੋਂ ਬਰਤਾਨੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਮੁਲਾਕਾਤ
ਲੰਡਨ, 15 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਬਰਤਾਨੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਟਿਮ ਬੈਰੋ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਖੇਤਰੀ ਅਤੇ ਆਲਮੀ ਚੁਣੌਤੀਆਂ ’ਤੇ ਵਿਚਾਰ-ਚਰਚਾ ਕੀਤੀ। ਜੈਸ਼ੰਕਰ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨ ਅਤੇ ‘ਦੋਸਤਾਨਾ ਸਬੰਧਾਂ ਨੂੰ ਨਵੀਂ ਗਤੀ’ ਦੇਣ ਦੇ ਉਦੇਸ਼ ਨਾਲ ਬਰਤਾਨੀਆ ਦੇ ਪੰਜ ਰੋਜ਼ਾ ਅਧਿਕਾਰਤ ਦੌਰੇ ’ਤੇ ਹਨ। ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ, ‘‘ਬਰਤਾਨੀਆ ਦੇ ਐੱਨਐੱਸਏ ਟਿਮ ਬੈਰੋ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਖੇਤਰੀ ਅਤੇ ਆਲਮੀ ਚੁਣੌਤੀਆਂ ’ਤੇ ਵਿਚਾਰ-ਚਰਚਾ ਕੀਤੀ।’’ ਇਸ ਦੌਰਾਨ ਉਨ੍ਹਾਂ ਸ਼ੈਡੋ ਵਿਦੇਸ਼ ਮੰਤਰੀ ਡੇਵਿਡ ਲੈਮੀ ਨਾਲ ਵੀ ਮੁਲਾਕਾਤ ਕੀਤੀ ਅਤੇ ਸੁਰੱਖਿਆ ਤੇ ਵਿਕਾਸ ਦੇ ਮੁੱਦਿਆਂ ਦੇ ਨਾਲ-ਨਾਲ ਦੁਵੱਲੇ ਸਹਿਯੋਗ ’ਤੇ ਗੱਲਬਾਤ ਕੀਤੀ।
ਇਸ ਹਫਤੇ ਦੇ ਸ਼ੁਰੂ ਵਿਚ ਜੈਸ਼ੰਕਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਨਵ-ਨਿਯੁਕਤ ਵਿਦੇਸ਼ ਮੰਤਰੀ ਡੇਵਿਡ ਕੈਮਰੋਨ, ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਅਤੇ ਗ੍ਰਹਿ ਮੰਤਰੀ ਜੇਮਸ ਕਲੈਵਰਲੇ ਨਾਲ ਮੁਲਾਕਾਤ ਕੀਤੀ ਸੀ। ਭਾਰਤ ਅਤੇ ਬਰਤਾਨੀਆ ਪਿਛਲੇ ਸਾਲ ਜਨਵਰੀ ਤੋਂ ਦੋ-ਪੱਖੀ ਵਪਾਰਕ ਭਾਈਵਾਲੀ ਨੂੰ 36 ਅਰਬ ਪੌਂਡ ਤੱਕ ਵਧਾਉਣ ਦੇ ਉਦੇਸ਼ ਨਾਲ ਇੱਕ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਨ। ਹੁਣ ਤੱਕ ਗੱਲਬਾਤ ਦੇ 13 ਗੇੜ ਹੋ ਚੁੱਕੇ ਹਨ ਅਤੇ ਅਧਿਕਾਰੀਆਂ ਨੂੰ ਉਮੀਦ ਹੈ ਕਿ 2024 ਤੱਕ ਦੋਵਾਂ ਦੇਸ਼ਾਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਮਝੌਤਾ ਹੋ ਜਾਵੇਗਾ। -ਪੀਟੀਆਈ