ਜੈਸ਼ੰਕਰ ਵੱਲੋਂ ਅਮਰੀਕੀ ਐੱਨਐੱਸਏ ਸੁਲੀਵਨ ਨਾਲ ਮੁਲਾਕਾਤ
ਸਾਂ ਫਰਾਂਸਿਸਕੋ, 27 ਦਸੰਬਰ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਵ੍ਹਾਈਟ ਹਾਊਸ ਵਿਚ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਦੀ ਤਰੱਕੀ ਲਈ ਵੱਖ ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ। ਜੈਸ਼ੰਕਰ, ਜੋ ਇਸ ਵੇਲੇ ਅਮਰੀਕਾ ਦੀ ਸਰਕਾਰੀ ਫੇਰੀ ਉੱਤੇ ਹਨ, ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਤੇ ਸੱਤਾ ਤੋਂ ਲਾਂਭੇ ਹੋ ਰਹੇ ਬਾਇਡਨ ਪ੍ਰਸ਼ਾਸਨ ਦੇ ਹੋਰਨਾਂ ਸੀਨੀਅਰ ਮੈਂਬਰਾਂ ਨੂੰ ਵੀ ਮਿਲਣਗੇ। ਜੈਸ਼ੰਕਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਦੀ ਤਰੱਕੀ ਲਈ ਵੱਖ ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਹੋਈ। ਇਸ ਦੌਰਾਨ ਮੌਜੂਦਾ ਖੇਤਰੀ ਤੇ ਆਲਮੀ ਘਟਨਾਵਾਂ ਬਾਰੇ ਵੀ ਚਰਚਾ ਕੀਤੀ।’’ ਜੈਸ਼ੰਕਰ ਆਪਣੀ ਇਸ ਫੇਰੀ ਦੌਰਾਨ ਅਗਾਮੀ ਟਰੰਪ ਪ੍ਰਸ਼ਾਸਨ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਬੈਠਕਾਂ ਕਰਨਗੇ। -ਪੀਟੀਆਈ
ਦੂਜੇ ਸਾਲ ਵੀ ਭਾਰਤੀਆਂ ਨੂੰ 10 ਲੱਖ ਤੋਂ ਵੱਧ ਗੈਰ-ਪਰਵਾਸੀ ਵੀਜ਼ੇ ਦਿੱਤੇ
ਨਵੀਂ ਦਿੱਲੀ:
ਭਾਰਤ ਵਿੱਚ ਅਮਰੀਕੀ ਮਿਸ਼ਨ ਨੇ ਅੱਜ ਕਿਹਾ ਕਿ ਵੱਡੀ ਗਿਣਤੀ ਵਿਜ਼ਟਰ ਵੀਜ਼ਿਆਂ ਸਣੇ ਲਗਾਤਾਰ ਦੂਜੇ ਸਾਲ ਭਾਰਤੀਆਂ ਨੂੰ 10 ਲੱਖ ਤੋਂ ਵੱਧ ਗੈਰ-ਪਰਵਾਸੀ ਵੀਜ਼ੇ ਦਿੱਤੇ ਗਏ ਹਨ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਵਾਸ਼ਿੰਗਟਨ ਵੱਲੋਂ 2025 ਤੱਕ ਅਮਰੀਕਾ ਵਿੱਚ ਹੀ ਐੱਚ-1ਬੀ ਵੀਜ਼ਾ ਨਵਿਆਉਣ ਸਬੰਧੀ ਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਵੱਡੀ ਗਿਣਤੀ ਭਾਰਤੀਆਂ ਨੂੰ ਲਾਭ ਹੋਣ ਦੀ ਆਸ ਹੈ। ਅਮਰੀਕੀ ਮਿਸ਼ਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਪੰਜ ਗੁਣਾ ਵਧੀ ਹੈ ਅਤੇ 2024 ਦੇ ਪਹਿਲੇ 11 ਮਹੀਨਿਆਂ ਵਿੱਚ 20 ਲੱਖ ਤੋਂ ਵੱਧ ਭਾਰਤੀਆਂ ਵੱਲੋਂ ਅਮਰੀਕਾ ਦੀ ਯਾਤਰਾ ਕੀਤੀ ਗਈ ਅਤੇ ਇਹ ਗਿਣਤੀ 2023 ਦੇ ਇਸੇ ਸਮੇਂ ਦੇ ਮੁਕਾਬਲੇ 26 ਫ਼ੀਸਦ ਵੱਧ ਹੈ। -ਪੀਟੀਆਈ