ਜੈਸ਼ੰਕਰ ਵੱਲੋਂ ਟਰੰਪ ਦੇ ਐੱਨਐੱਸਏ ਵਾਲਟਜ਼ ਨਾਲ ਮੁਲਾਕਾਤ
ਸਾਂ ਫਰਾਂਸਿਸਕੋ, 28 ਦਸੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਦੇ ਅਹੁਦੇ ਲਈ ਨਾਮਜ਼ਦ ਸੰਸਦ ਮੈਂਬਰ ਮਾਈਕਲ ਵਾਲਟਜ਼ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇ ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਸਬੰਧਾਂ ਅਤੇ ਮੌਜੂਦਾ ਆਲਮੀ ਮੁੱਦਿਆਂ ਬਾਰੇ ਵਿਆਪਕ ਗੱਲਬਾਤ ਕੀਤੀ।
ਜੈਸ਼ੰਕਰ 24 ਤੋਂ 29 ਦਸੰਬਰ ਤੱਕ ਅਧਿਕਾਰਤ ਯਾਤਰਾ ’ਤੇ ਅਮਰੀਕਾ ਵਿੱਚ ਹਨ। ਇਹ ਭਾਰਤ ਸਰਕਾਰ ਅਤੇ ਭਵਿੱਖ ਦੇ ਟਰੰਪ ਪ੍ਰਸ਼ਾਸਨ ਵਿਚਾਲੇ ਪਹਿਲੀ ਉੱਚ ਪੱਧਰੀ ਵਿਅਕਤੀਗਤ ਮੀਟਿੰਗ ਸੀ।੍ਯ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਵਾਲਟਜ਼ ਨਾਲ ਮੁਲਾਕਾਤ ਕਰ ਕੇ ਬਹੁਤ ਖੁਸ਼ੀ ਹੋਈ। ਅਸੀਂ ਸਾਡੀ ਦੁਵੱਲੀ ਭਾਈਵਾਲੀ ਦੇ ਨਾਲ-ਨਾਲ ਮੌਜੂਦਾ ਆਲਮੀ ਮੁੱਦਿਆਂ ’ਤੇ ਵਿਆਪਕ ਗੱਲਬਾਤ ਕੀਤੀ। ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।’’ ਵਾਲਟਜ਼ (50) ਜੇਕ ਸੁਲੀਵਾਨ ਦੀ ਜਗ੍ਹਾ ਕੌਮੀ ਸੁਰੱਖਿਆ ਸਲਾਹਕਾਰ ਬਣਨਗੇ। ਫਲੋਰੀਡਾ ਦੇ ਛੇਵੇਂ ‘ਕਾਂਗਰੇਸ਼ਨਲ ਡਿਸਟ੍ਰਿਕਟ’ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਵਾਲਟਜ਼ ‘ਕਾਂਗਰੇਸ਼ਨਲ ਇੰਡੀਆ ਕੌਕਸ’ ਦੇ ਰਿਪਬਲੀਕਨ ਸਹਿ-ਪ੍ਰਧਾਨ ਹਨ। ਇਹ ਅਮਰੀਕੀ ਪ੍ਰਤੀਨਿਧ ਸਭਾ ਵਿੱਚ ਸਭ ਤੋਂ ਵੱਡਾ ਦੇਸ਼-ਵਿਸ਼ਿਸ਼ਟ ਕੌਕਸ ਹੈ। ਵਾਲਟਜ਼ ਨੇ ਪਿਛਲੇ ਸਾਲ ਅਗਸਤ ਵਿੱਚ ਭਾਰਤ ’ਚ ਅਮਰੀਕੀ ਸੰਸਦ ਦੇ ਵਫ਼ਦ ਦੀ ਸਹਿ-ਅਗਵਾਈ ਵੀ ਕੀਤੀ ਸੀ ਅਤੇ ਉਹ ਲਾਲ ਕਿਲ੍ਹੇ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਰੋਹ ਵਿੱਚ ਵੀ ਸ਼ਾਮਲ ਹੋਏ ਸਨ। ਉਹ ਪ੍ਰਤੀਨਿਧ ਸਭਾ ਵਿੱਚ ਕਈ ਭਾਰਤ ਪੱਖੀ ਬਿੱਲਾਂ ਦੇ ਸਪਾਂਸਰ ਰਹੇ ਹਨ। ਟਰੰਪ ਨੇ 12 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਵਾਲਟਜ਼ ਉਨ੍ਹਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਹੋਣਗੇ। ਇਸ ਤੋਂ ਪਹਿਲਾਂ, ਦਿਨ ਵਿੱਚ ਜੈਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਤੇ ਭਾਰਤੀ ਕੌਸੁਲ ਜਨਰਲਾਂ ਦੀ ਟੀਮ ਨਾਲ ਕਾਫੀ ਸਾਰਥਕ ਦੋ ਰੋਜ਼ਾ ਸੰਮੇਲਨ ਵਿੱਚ ਭਾਗ ਲਿਆ। ਉਨ੍ਹਾਂ ‘ਐਕਸ’ ਉੱਤੇ ਲਿਖਿਆ, ‘‘ਵਿਚਾਰ-ਚਰਚਾ ਤੋਂ ਬਾਅਦ ਮੈਨੂੰ ਵਿਸ਼ਵਾਸ ਹੈ ਕਿ ਭਾਰਤ-ਅਮਰੀਕਾ ਭਾਈਵਾਲੀ ਦੇ ਲਗਾਤਾਰ ਮਜ਼ਬੂਤ ਹੋਣ ਦੀ ਰਫ਼ਤਾਰ ਵਿੱਚ ਤੇਜ਼ੀ ਆਵੇਗੀ।’’ -ਪੀਟੀਆਈ