ਜੈਸ਼ੰਕਰ ਵੱਲੋਂ ਨਮੀਬੀਆ ਨੂੰ ਭਾਰਤ ਨਾਲ ਆਲਮੀ ਪੱਧਰ ’ਤੇ ਸਹਿਯੋਗ ਦਾ ਸੱਦਾ
ਵਿੰਡਹੋਕ, 6 ਜੂਨ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਤੇ ਨਮੀਬੀਆ ਵਰਗੇ ਮੁਲਕ ਆਲਮੀ ਮੰਚ ਉਤੇ ਸਹਿਯੋਗ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਉੱਚੀਆਂ ਵਿਆਜ ਦਰਾਂ ਦੇ ਨਾਲ ਕਰਜ਼ੇ ਦੇ ਸੰਕਟ ਤੇ ਤਣਾਅਪੂਰਨ ਭੂ-ਸਿਆਸੀ ਹਾਲਤਾਂ ਕਾਰਨ ਕੌਮਾਂਤਰੀ ਪੱਧਰ ਉਤੇ ਸਥਿਤੀਆਂ ‘ਬਹੁਤ ਚੁਣੌਤੀਪੂਰਨ’ ਹਨ। ਇੱਥੇ ਨਮੀਬੀਆ ਦੀ ਰਾਜਧਾਨੀ ਵਿਚ ਅੱਜ ਜੈਸ਼ੰਕਰ ਨੇ ਮੁਲਕ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੇਤੁੰਬੋ ਨੰਦੀ-ਨਦੇਤਵਾਹ ਨਾਲ ਮੁਲਾਕਾਤ ਕੀਤੀ। ਪਹਿਲੀ ਭਾਰਤ-ਨਮੀਬੀਆ ਸਾਂਝੀ ਕਮਿਸ਼ਨ ਮੀਟਿੰਗ ਤੋਂ ਬਾਅਦ ਭਾਰਤ ਦੇ ਆਗੂ ਨੇ ਕਿਹਾ ਕਿ ਇਸ ਬੈਠਕ ਵਿਚ ਦੋਵੇਂ ਧਿਰਾਂ ਨੇ ਦੁਵੱਲੀ ਭਾਈਵਾਲੀ ਵਧਾਉਣ ਦੀ ਰੂਪ-ਰੇਖਾ ਉਤੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਊਰਜਾ, ਬੁਨਿਆਦੀ ਢਾਂਚੇ, ਜੰਗਲੀ ਜੀਵਨ ਦੀ ਸਾਂਭ-ਸੰਭਾਲ, ਵਪਾਰ ਤੇ ਨਿਵੇਸ਼, ਖਾਧ ਸੁਰੱਖਿਆ, ਡਿਜੀਟਲ, ਸਮਰੱਥਾ ਉਸਾਰੀ, ਸਿਹਤ, ਰੱਖਿਆ ਤੇ ਕਲਾ, ਸਭਿਆਚਾਰ, ਵਿਰਾਸਤ ਤੇ ਲੋਕਾਂ ਵਿਚਾਲੇ ਸੰਪਰਕ ਉਤੇ ਕੇਂਦਰਤ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਨਮੀਬੀਆ ਦਾ ਭਾਰਤੀ ਲੋਕਾਂ ਦੇ ਦਿਲਾਂ ਤੇ ਮਨਾਂ ਵਿਚ ਵਿਸ਼ੇਸ਼ ਸਥਾਨ ਹੈ। ਇਸ ਦਾ ਇਕ ਕਾਰਨ ਭਾਰਤ ਵੱਲੋਂ ਨਮੀਬੀਆ ਦੀ ਆਜ਼ਾਦੀ ਦਾ ਸਮਰਥਨ ਕੀਤਾ ਜਾਣਾ ਵੀ ਹੈ। ਉਨ੍ਹਾਂ ਕਿਹਾ, ‘ਅਸੀਂ ਨਮੀਬੀਆ ਨੂੰ ਦੁਨੀਆ ਵਿਚ ਇਕ ਆਜ਼ਾਦ ਦੇਸ਼ ਵਜੋਂ ਉੱਭਰਦਾ ਦੇਖ ਕੇ ਖ਼ੁਸ਼ੀ ਮਹਿਸੂਸ ਕਰਦੇ ਹਾਂ ਜੋ ਕੌਮਾਂਤਰੀ ਵਿਵਸਥਾ ਨੂੰ ਕਾਇਮ ਰੱਖਣ ਵਿਚ ਯੋਗਦਾਨ ਦੇ ਰਿਹਾ ਹੈ।’ ਜ਼ਿਕਰਯੋਗ ਹੈ ਕਿ ਨਮੀਬੀਆ ਦੀ ਆਜ਼ਾਦੀ ਨੂੰ 33 ਵਰ੍ਹੇ ਪੂਰੇ ਹੋ ਗਏ ਹਨ। ਜੈਸ਼ੰਕਰ ਨੇ ਇਸ ਮੌਕੇ ਮਹਾਮਾਰੀ ਤੋਂ ਬਾਅਦ ਬਣੀਆਂ ਸਿਹਤ, ਵਿੱਤ ਤੇ ਸਮਾਜ ਸਬੰਧੀ ਚੁਣੌਤੀਆਂ ਦਾ ਜ਼ਿਕਰ ਵੀ ਕੀਤਾ। -ਪੀਟੀਆਈ