ਜੈਸ਼ੰਕਰ ਵੱਲੋਂ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸੁਲੇਟ ਜਨਰਲ ਦਾ ਉਦਘਾਟਨ
ਬ੍ਰਿਸਬੇਨ, 4 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸੁਲੇਟ ਜਨਰਲ ਦਾ ਉਦਘਾਟਨ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਨਾਲ ਕੁਈਨਜ਼ਲੈਂਡ ਸੂਬੇ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ, ਵਪਾਰ ਨੂੰ ਹੁਲਾਰਾ ਦੇਣ ਅਤੇ ਪਰਵਾਸੀ ਭਾਈਚਾਰੇ ਦੀ ਸੇਵਾ ਕਰਨ ’ਚ ਮਦਦ ਮਿਲੇਗੀ।
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜੈਸ਼ੰਕਰ ਨੇ ਕਿਹਾ, ‘ਅੱਜ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸੁਲੇਟ ਜਨਰਲ ਦਾ ਰਸਮੀ ਉਦਘਾਟਨ ਕਰਕੇ ਮੈਨੂੰ ਖੁਸ਼ੀ ਹੋਈ ਹੈ। ਇਹ ਕੁਈਨਜ਼ਲੈਂਡ ਸੂਬੇ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਨੂੰ ਹੁਲਾਰਾ ਦੇਣ, ਸਿੱਖਿਆ ਸਬੰਧਾਂ ਨੂੰ ਉਤਸ਼ਾਹਿਤ ਕਰਨ ਤੇ ਪਰਵਾਸੀ ਭਾਈਚਾਰੇ ਦੀ ਸੇਵਾ ਕਰਨ ’ਚ ਯੋਗਦਾਨ ਦੇਵੇਗਾ। ਉਦਘਾਟਨ ਸਮਾਗਮ ’ਚ ਸ਼ਾਮਲ ਹੋਣ ਲਈ ਕੁਈਨਜ਼ਲੈਂਡ ਦੀ ਗਵਰਨਰ ਡਾ. ਜੈਨੇਟ ਯੰਗ ਅਤੇ ਮੰਤਰੀਆਂ ਰੋਸ ਬੇਟਸ ਤੇ ਫਿਓਨਾ ਸਿੰਪਸਨ ਦਾ ਧੰਨਵਾਦ।’ ਇਹ ਆਸਟਰੇਲੀਆ ’ਚ ਭਾਰਤ ਦਾ ਚੌਥਾ ਕੌਂਸੁਲੇਟ ਹੈ। ਬ੍ਰਿਸਬੇਨ ਤੋਂ ਇਲਾਵਾ ਸਿਡਨੀ, ਮੈਲਬਰਨ ਤੇ ਪਰਥ ’ਚ ਵੀ ਭਾਰਤ ਦੇ ਕੌਂਸੁਲੇਟ ਹਨ। ਵਿਦੇਸ਼ ਮੰਤਰੀ ਨੇ ਅੱਜ ਬ੍ਰਿਸਬੇਨ ਦੇ ‘ਰੋਮਾ ਸਟ੍ਰੀਟ ਪਾਰਕਲੈਂਡਜ਼’ ਵਿੱਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘ਸ਼ਾਂਤੀ ਤੇ ਸਦਭਾਵਨਾ ਦਾ ਉਨ੍ਹਾਂ (ਮਹਾਤਮਾ ਗਾਂਧੀ) ਦਾ ਸੁਨੇਹਾ ਦੁਨੀਆ ਭਰ ’ਚ ਗੂੰਜਦਾ ਹੈ।’ ਜੈਸ਼ੰਕਰ ਨੇ ਕੁਈਨਜ਼ਲੈਂਡ ਦੀ ਗਵਰਨਰ ਨਾਲ ਅੱਜ ਬ੍ਰਿਸਬੇਨ ’ਚ ਮੁਲਾਕਾਤ ਕੀਤੀ। ਉਨ੍ਹਾਂ ਐਕਸ ’ਤੇ ਲਿਖਿਆ, ‘ਕੁਈਨਜ਼ਲੈਂਡ ਦੀ ਗਵਰਨਰ ਡਾ. ਜੈਨੇਟ ਯੰਗ ਨਾਲ ਅੱਜ ਬ੍ਰਿਸਬੇਨ ’ਚ ਮਿਲ ਕੇ ਖੁਸ਼ੀ ਹੋਈ। ਕੁਈਨਜ਼ਲੈਂਡ ਸੂਬੇ ਨਾਲ ਆਰਥਿਕ, ਵਪਾਰਕ ਤੇ ਨਿਵੇਸ਼ ਸਹਿਯੋਗ ਮਜ਼ਬੂਤ ਕਰਨ ਦੇ ਮੌਕਿਆਂ ਤੇ ਢੰਗਾਂ ਬਾਰੇ ਚਰਚਾ ਕੀਤੀ।’ ਜੈਸ਼ੰਕਰ ਨੇ ਕੈਨਬਰਾ ’ਚ ਆਸਟਰੇਲਿਆਈ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ 15ਵੀਂ ਵਿਦੇਸ਼ ਮੰਤਰੀ ਰੂਪਰੇਖਾ ਵਾਰਤਾ ਦੀ ਸਹਿ-ਪ੍ਰਧਾਨਗੀ ਵੀ ਕਰਨਗੇ। -ਪੀਟੀਆਈ