ਜੈਸ਼ੰਕਰ ਵੱਲੋਂ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਸੁਲੀਵਨ ਨਾਲ ਗੱਲਬਾਤ
ਨਵੀਂ ਦਿੱਲੀ, 6 ਜਨਵਰੀ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਾਲ ਗੱਲਬਾਤ ਕੀਤੀ ਅਤੇ ਬਾਇਡਨ ਪ੍ਰਸ਼ਾਸਨ ਅਧੀਨ ਚਾਰ ਸਾਲਾਂ ’ਚ ਭਾਰਤ-ਅਮਰੀਕਾ ਦੀ ਆਲਮੀ ਰਣਨੀਤਕ ਭਾਈਵਾਲੀ ਦੀ ਸਮੀਖਿਆ ਕੀਤੀ।
ਸ੍ਰੀ ਸੁਲੀਵਨ ਡੋਨਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨ ਤੋਂ ਦੋ ਹਫ਼ਤੇ ਪਹਿਲਾਂ ਇਸ ਸਮੇਂ ਭਾਰਤ ਦੇ ਦੌਰੇ ’ਤੇ ਹਨ। ਇਸ ਦੌਰਾਨ ‘ਐਕਸ’ ਉੱਤੇ ਸ੍ਰੀ ਜੈਸ਼ੰਕਰ ਨੇ ਭਾਰਤ ਤੇ ਅਮਰੀਕਾ ਦੀ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਸ੍ਰੀ ਸੁਲੀਵਨ ਵੱਲੋਂ ਪਾਏ ਜਾ ਰਹੇ ਨਿੱਜੀ ਯੋਗਦਾਨ ਲਈ ਸ਼ੁਕਰੀਆ ਅਦਾ ਕੀਤਾ। ਦੋਵਾਂ ਮੁਲਕਾਂ ਦੇ ਸਬੰਧ ਮਜ਼ਬੂਤ ਕਰਨ ਲਈ ਸਭ ਤੋਂ ਅਹਿਮ ਕੰਮ ‘ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ’ ਜਾਂ ਆਈਸੀਈਟੀ ’ਤੇ ਅਮਰੀਕਾ ਤੇ ਭਾਰਤ ਦੀ ਪਹਿਲਕਦਮੀ ਸੀ। ਇਹ ਪ੍ਰਾਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮਈ 2022 ਵਿੱਚ ਲਾਂਚ ਕੀਤਾ ਗਿਆ ਸੀ ਜਿਸਦਾ ਮਕਸਦ ਭਾਰਤ ਤੇ ਅਮਰੀਕਾ ’ਚ ਮਸਨੂਈ ਬੌਧਿਕਤਾ, ਸੈਮੀ-ਕੰਡਕਟਰ, ਬਾਇਓਟੈੱਕ ਤੇ ਰੱਖਿਆ ਨਵੀਨਤਾ ਜਿਹੀਆਂ ਸੂਖਮ ਤਕਨਾਲੋਜੀਆਂ ਦੇ ਖੇਤਰਾਂ ’ਚ ਦੋਵਾਂ ਮੁਲਕਾਂ ’ਚ ਅਹਿਮ ਸਾਂਝ ਸਥਾਪਤ ਕਰਨਾ ਸੀ। ਦੱਸਣਯੋਗ ਹੈ ਕਿ ਜੇਕ ਸੁਲੀਵਨ ਆਪਣੇ ਭਾਰਤੀ ਹਮਰੁਤਬਾ ਅਜੀਤ ਦੋਵਾਲ ਨਾਲ ਗੱਲਬਾਤ ਕਰਨਗੇ ਤੇ ਆਈਸੀਈਟੀ ਤੇ ਰੱਖਿਆ ਖੇਤਰ ’ਚ ਦੋਵਾਂ ਮੁਲਕਾਂ ਦੀ ਸ਼ਮੂਲੀਅਤ ਸਬੰਧੀ ਸਮੀਖਿਆ ਕਰਨਗੇ।
ਭਾਰਤ ਨੇ ਅਫ਼ਗਾਨਿਸਤਾਨ ’ਤੇ ਪਾਕਿ ਹਮਲੇ ਦੀ ਨਿਖੇਧੀ ਕੀਤੀ
ਨਵੀਂ ਦਿੱਲੀ: ਭਾਰਤ ਨੇ ਅੱਜ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ’ਤੇ ਕੀਤੇ ਗਏ ਹਵਾਈ ਹਮਲਿਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਕਿਹਾ ਕਿ ਆਪਣੀਆਂ ਅੰਦਰੂਨੀ ਅਸਫ਼ਲਤਾਵਾਂ ਲਈ ਗੁਆਂਢੀ ਮੁਲਕਾਂ ਨੂੰ ਦੋਸ਼ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ ਵਿੱਚ ਹਵਾਈ ਹਮਲੇ ਕੀਤੇ ਗਏ ਹਨ, ਜਦਕਿ ਉਸ ਮੁਤਾਬਕ ਉਸ ਨੇ ਇਹ ਹਮਲੇ ਕੁਝ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਕੀਤੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਸਾਨੂੰ ਮੀਡੀਆ ਰਿਪੋਰਟਾਂ ਤੋਂ ਅਫ਼ਗਾਨਿਸਤਾਨ ’ਚ ਔਰਤਾਂ ਤੇ ਬੱਚਿਆਂ ਸਮੇਤ ਆਮ ਲੋਕਾਂ ’ਤੇ ਹਵਾਈ ਹਮਲੇ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ, ਜਿਨ੍ਹਾਂ ’ਚ ਕਈ ਕੀਮਤਾਂ ਜਾਨਾਂ ਗਈਆਂ ਹਨ। ਅਸੀਂ ਮਾਸੂਮ ਲੋਕਾਂ ’ਤੇ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।’ -ਪੀਟੀਆਈ