ਜੈਸ਼ੰਕਰ ਨੇ ਆਸੀਆਨ ਦੇਸ਼ਾਂ ਦੇ ਹਮਰੁਤਬਾ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ
ਵਿਅਨਤਿਆਨੇ (ਲਾਓਸ), 25 ਜੁਲਾਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਸੀਆਨ ਦੀ ਮੀਟਿੰਗ ਤੋਂ ਇਕ ਪਾਸੇ ਫਿਲਪੀਨਜ਼ ਦੇ ਆਪਣੇ ਹਮਰੁਤਬਾ ਐੱਮ ਮਨਾਲੋ ਅਤੇ ਨਾਰਵੇ ਦੇ ਐਸਪੇਨ ਬਾਰਥ ਈਡੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਤਰਜੀਹਾਂ ਬਾਰੇ ਚਰਚਾ ਕੀਤੀ।
ਜੈਸ਼ੰਕਰ ਨੇ ਤਿਮੋਰ ਲੈਸਤੇ ਦੇ ਵਿਦੇਸ਼ ਮੰਤਰੀ ਬੈਂਡਿਟੋ ਫਰੇਟਾਸ ਅਤੇ ਕੰਬੋਡੀਆ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸੋਕ ਚੈਂਦਾ ਸੋਫੀਆ ਨਾਲ ਵੀ ਦੁਵੱਲੀ ਮੀਟਿੰਗ ਕੀਤੀ। ਜੈਸ਼ੰਕਰ ਤੇ ਹੋਰ ਸਾਰੇ ਆਗੂ ਇਸ ਸਮੇਂ ਲਾਓ ਪੀਪਲਜ਼ ਡੈਮੋਕਰੈਟਿਕ ਰਿਪਬਲਿਕ (ਲਾਓਸ) ਦੀ ਰਾਜਧਾਨੀ ਵਿਅਨਤਿਆਨ ਵਿੱਚ ਆਸੀਆਨ ਢਾਂਚੇ ਤਹਿਤ ਆਸੀਆਨ-ਭਾਰਤ, ਪੂਰਬੀ ਏਸ਼ੀਆ ਸਿਖਰ ਸੰਮੇਲਨ (ਈਏਐੱਸ) ਅਤੇ ਆਸੀਆਨ ਖੇਤਰੀ ਫੋਰਮ (ਏਆਰਐੱਫ) ਵਿੱਚ ਹਿੱਸਾ ਲੈਣ ਲਈ ਮੌਜੂਦ ਹਨ।
ਜੈਸ਼ੰਕਰ ਦੀ ਦੱਖਣੀ ਪੂਰਬੀ ਏਸ਼ਿਆਈ ਹਮਰੁਤਬਾ ਆਗੂਆਂ ਨਾਲ ਗੱਲਬਾਤ ਮੁੱਖ ਤੌਰ ’ਤੇ ਦੁਵੱਲੇ ਸਬੰਧਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭੂ-ਸਿਆਸੀ ਹਾਲਾਤ ’ਤੇ ਕੇਂਦਰਿਤ ਰਹੀ ਜਦਕਿ ਉਨ੍ਹਾਂ ਨਾਰਵੇ ਦੇ ਆਗੂ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਚਰਚਾ ਕੀਤੀ। ਨਾਰਵੇ ਦੇ ਵਿਦੇਸ਼ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਜੈਸ਼ੰਕਰ ਨੇ ਕਿਹਾ, ‘‘ਅੱਜ ਐਸਪੇਨ ਬਾਰਥ ਈਡੇ ਨਾਲ ਮੁਲਾਕਾਤ ਚੰਗੀ ਰਹੀ। ਭਾਰਤ ਤੇ ਨਾਰਵੇ ਦੀ ਸਵੱਛ ਊਰਜਾ ਤੇ ਵਪਾਰ ਵਿੱਚ ਸਾਂਝੇਦਾਰੀ ਜਾਰੀ ਰਹੇਗੀ। ਅਸੀਂ ਦੋਹਾਂ ਦੇਸ਼ਾਂ ਦੀ ਬਿਹਤਰੀ ਲਈ ਯੂਰਪ ਮੁਕਤ ਵਪਾਰ ਸਮਝੌਤੇ (ਈਐੱਫਟੀਏ) ਨੂੰ ਅਮਲ ਵਿੱਚ ਲਿਆਉਣ ਲਈ ਵਚਨਬੱਧ ਹਾਂ। ਇਸ ਦੌਰਾਨ ਭੂ-ਰਾਜਨੀਤਕ ਹਾਲਾਤ ’ਤੇ ਵੀ ਚਰਚਾ ਹੋਈ।’’
ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਜਾਰੀ ਇਕ ਪੋਸਟ ਵਿੱਚ ਕਿਹਾ ਕਿ ਉਹ ਆਪਣੇ ਦੋਸਤ ਫਿਲਪੀਨਜ਼ ਦੇ ਐਨਰਿਕ ਏ ਮਨਾਲੋ ਨਾਲ ਮਿਲ ਕੇ ਖੁਸ਼ ਹਨ। -ਪੀਟੀਆਈ
ਵਾਂਗ ਨਾਲ ਮੁਲਾਕਾਤ ਦੌਰਾਨ ਅਸਲ ਕੰਟਰੋਲ ਰੇਖਾ ਦਾ ਸਨਮਾਨ ਯਕੀਨੀ ਬਣਾਉਣ ’ਤੇ ਦਿੱਤਾ ਜ਼ੋਰ
ਵਿਅਨਤਿਆਨ (ਲਾਓਸ):
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਆਪਣੀ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧ ਸਥਿਰ ਕਰਨ ਵਾਸਤੇ ਅਸਲ ਕੰਟਰੋਲ ਰੇਖਾ ਅਤੇ ਪਿਛਲੇ ਸਮਝੌਤਿਆਂ ਦਾ ਪੂਰਨ ਸਨਮਾਨ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮਹੀਨੇ ਦੂਜੀ ਵਾਰ ਮਿਲੇ ਦੋਵੇਂ ਆਗੂਆਂ ਨੇ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਦੇਣ ਦੀ ਲੋੜ ’ਤੇ ਵੀ ਸਹਿਮਤੀ ਪ੍ਰਗਟਾਈ। ਜੈਸ਼ੰਕਰ ਨੇ ਇੱਥੇ ਆਸੀਆਨ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਵਾਂਗ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਕਮਿਊਨਿਸਟ ਪਾਰਟੀ ਆਫ਼ ਚਾਈਨਾ ਦੇ ਪੋਲਿਟ ਬਿਊਰੋ ਮੈਂਬਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਅੱਜ ਵਿਅਨਤਿਆਨ ਵਿੱਚ ਮੁੁਲਾਕਾਤ ਕੀਤੀ। ਸਾਡੇ ਦੁਵੱਲੇ ਸਬੰਧਾਂ ਨੂੰ ਲੈ ਕੇ ਚਰਚਾ ਜਾਰੀ ਰਹੀ। ਸਰਹੱਦ ਦੀ ਸਥਿਤੀ ਨਿਸ਼ਚਿਤ ਤੌਰ ’ਤੇ ਸਾਡੇ ਸਬੰਧਾਂ ਦੀ ਸਥਿਤੀ ’ਤੇ ਨਜ਼ਰ ਆਵੇਗੀ।’’ ਦੋਹਾਂ ਆਗੂਆਂ ਦੀ ਗੱਲਬਾਤ ਪੂਰਬੀ ਲੱਦਾਖ਼ ’ਚ ਸਰਹੱਦੀ ਵਿਵਾਦ ਜਾਰੀ ਰਹਿਣ ਵਿਚਾਲੇ ਹੋਈ ਜੋ ਕਿ ਮਈ ਵਿੱਚ ਪੰਜਵੇਂ ਸਾਲ ’ਚ ਦਾਖਲ ਹੋ ਗਿਆ ਹੈ। ਜੈਸ਼ੰਕਰ ਨੇ ਕਿਹਾ, ‘‘ਵਾਪਸੀ ਪ੍ਰਕਿਰਿਆ ਪੂਰੀ ਕਰਨ ਵਾਸਤੇ ਮਜ਼ਬੂਤ ਮਾਰਗਦਰਸ਼ਨ ਦੇਣ ਦੀ ਲੋੜ ’ਤੇ ਸਹਿਮਤੀ ਬਣੀ। ਅਸਲ ਕੰਟਰੋਲ ਰੇਖਾ ਅਤੇ ਪਿਛਲੇ ਸਮਝੌਤਿਆਂ ਦਾ ਪੂਰਾ ਸਨਮਾਨ ਯਕੀਨੀ ਬਣਾਉਣਾ ਚਾਹੀਦਾ ਹੈ। ਸਾਡੇ ਸਬੰਧਾਂ ਨੂੰ ਸਥਿਰ ਕਰਨਾ ਸਾਡੇ ਆਪਸੀ ਹਿੱਤ ਵਿੱਚ ਹੈ। -ਪੀਟੀਆਈ