For the best experience, open
https://m.punjabitribuneonline.com
on your mobile browser.
Advertisement

ਜੈਸ਼ੰਕਰ ਵੱਲੋਂ ਭਾਰਤ-ਮਾਲਦੀਵ ਦੇ ਗੂੜ੍ਹੇ ਸਬੰਧਾਂ ’ਤੇ ਜ਼ੋਰ

08:37 AM Aug 11, 2024 IST
ਜੈਸ਼ੰਕਰ ਵੱਲੋਂ ਭਾਰਤ ਮਾਲਦੀਵ ਦੇ ਗੂੜ੍ਹੇ ਸਬੰਧਾਂ ’ਤੇ ਜ਼ੋਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਮਾਲੇ, 10 ਅਗਸਤ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨਾਲ ਮੁਲਾਕਾਤ ਕਰਕੇ ਖ਼ਿੱਤੇ ਦੀ ਖੁਸ਼ਹਾਲੀ ਅਤੇ ਦੋਵੇਂ ਮੁਲਕਾਂ ਦੇ ਲੋਕਾਂ ਦੇ ਫਾਇਦੇ ਲਈ ਭਾਰਤ-ਮਾਲਦੀਵ ਵਿਚਕਾਰ ਸਬੰਧ ਹੋਰ ਗੂੜ੍ਹੇ ਕਰਨ ’ਤੇ ਜ਼ੋਰ ਦਿੱਤਾ। ਜੈਸ਼ੰਕਰ ਮਾਲਦੀਵ ਦੇ ਤਿੰਨ ਦਿਨਾ ਦੌਰੇ ’ਤੇ ਆਏ ਹੋਏ ਹਨ ਅਤੇ ਚੀਨ ਪੱਖੀ ਰਾਸ਼ਟਰਪਤੀ ਮੁਇਜ਼ੂ ਦੇ ਪਿਛਲੇ ਸਾਲ ਅਹੁਦਾ ਸੰਭਾਲਣ ਮਗਰੋਂ ਇਹ ਭਾਰਤੀ ਵਿਦੇਸ਼ ਮੰਤਰੀ ਦਾ ਪਹਿਲਾ ਮਾਲਦੀਵ ਦੌਰਾ ਹੈ। ਉਹ ਆਪਣੇ ਮਾਲਦੀਵੀਅਨ ਹਮਰੁਤਬਾ ਮੂਸਾ ਜ਼ਮੀਰ ਦੇ ਸੱਦੇ ’ਤੇ ਇਥੇ ਆਏ ਹਨ।
ਜੈਸ਼ੰਕਰ ਨੇ ਮੀਟਿੰਗ ਦੀ ਤਸਵੀਰ ਐਕਸ ’ਤੇ ਪੋਸਟ ਕਰਦਿਆਂ ਲਿਖਿਆ, ‘‘ਰਾਸ਼ਟਰਪਤੀ ਡਾਕਟਰ ਮੁਹੰਮਦ ਮੁਇਜ਼ੂ ਨਾਲ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀਆਂ ਗਈਆਂ ਸ਼ੁਭਕਾਮਨਾਵਾਂ ਦਿੱਤੀਆਂ। ਅਸੀਂ ਖ਼ਿੱਤੇ ਅਤੇ ਦੋਵੇਂ ਮੁਲਕਾਂ ਦੇ ਲੋਕਾਂ ਦੇ ਫਾਇਦੇ ਲਈ ਭਾਰਤ-ਮਾਲਦੀਵ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਲਈ ਵਚਨਬੱਧ ਹਾਂ।’’ ਜੈਸ਼ੰਕਰ ਦਾ ਮਾਲਦੀਵ ਦਾ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਰਾਸ਼ਟਰਪਤੀ ਮੁਇਜ਼ੂ ਨੇ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ’ਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਮਾਲਦੀਵ ਦੇ ਰੱਖਿਆ ਮੰਤਰੀ ਗ਼ਾਸਨ ਮੌਮੂਨ ਨਾਲ ਮੁਲਾਕਾਤ ਕੀਤੀ। ਮਾਲਦੀਵ ’ਚ ਚੀਨ ਦੇ ਵਧ ਰਹੇ ਦਖ਼ਲ ਦਰਮਿਆਨ ਦੋਵੇਂ ਆਗੂਆਂ ਨੇ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਬਹਾਲੀ ਤੇ ਸੁਰੱਖਿਆ ਸਹਿਯੋਗ ਜਿਹੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ

ਮੁਇਜ਼ੂ ਨੇ ਕੀਤੀ ਭਾਰਤ ਦੀ ਸ਼ਲਾਘਾ

ਮਾਲੇ: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਕਿਹਾ ਕਿ ਭਾਰਤ ਹਮੇਸ਼ਾ ਇਕ ਕਰੀਬੀ ਸਹਿਯੋਗੀ ਅਤੇ ਅਨਮੋਲ ਭਾਈਵਾਲ ਰਿਹਾ ਹੈ। ਮੁਇਜ਼ੂ ਨੇ ਕਿਹਾ ਕਿ ਦੇਸ਼ ਨੂੰ ਜਦੋਂ ਵੀ ਭਾਰਤ ਦੀ ਲੋੜ ਪਈ ਤਾਂ ਉਨ੍ਹਾਂ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ। ਉਨ੍ਹਾਂ ਮਾਲਦੀਵ ਦੇ 28 ਟਾਪੂਆਂ ’ਤੇ ਜਲ ਸਪਲਾਈ ਅਤੇ ਸੀਵਰੇਜ ਸਹੂਲਤਾਂ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਰਾਸ਼ਟਰਪਤੀ ਦਫ਼ਤਰ ’ਚ ਹੋਏ ਸਮਾਗਮ ਦੌਰਾਨ ਉਕਤ ਗੱਲਾਂ ਆਖੀਆਂ। ਭਾਰਤ ਸਰਕਾਰ ਨੇ ਐਕਜ਼ਿਮ ਬੈਂਕ ਰਾਹੀਂ ਕਰਜ਼ ਸਹੂਲਤ ਤਹਿਤ ਇਨ੍ਹਾਂ ਪ੍ਰਾਜੈਕਟਾਂ ਲਈ ਫੰਡ ਦਿੱਤੇ ਹਨ। ਮੁਇਜ਼ੂ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਅਹਿਮ ਆਰਥਿਕ ਲਾਭ ਹੋਣਗੇ, ਸਥਾਨਕ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਅਤੇ ਦੇਸ਼ ਦੀ ਖੁਸ਼ਹਾਲੀ ’ਚ ਯੋਗਦਾਨ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਨਾਲ ਮਾਲਦੀਵ ਦੇ ਦੁਵੱਲੇ ਸਬੰਧਾਂ ਦੇ ਲਿਹਾਜ਼ ਨਾਲ ਇਹ ਪ੍ਰਾਜੈਕਟ ਅਹਿਮ ਮੀਲ ਪੱਥਰ ਹਨ। -ਪੀਟੀਆਈ

Advertisement

Advertisement
Author Image

Advertisement