Video Jaipur Truck Accident: ਕੈਮੀਕਲ ਨਾਲ ਭਰੇ ਟਰੱਕ ਦੇ ਟਕਰਾਉਣ ਕਾਰਨ 8 ਦੀ ਮੌਤ, 35 ਜ਼ਖਮੀ
ਜੈਪੁਰ, 20 ਦਸੰਬਰ
ਅਜਮੇਰ ਕੌਮੀ ਰਾਜਮਾਰਗ ’ਤੇ ਸ਼ੁੱਕਰਵਾਰ ਸਵੇਰੇ ਕੈਮੀਕਲ ਨਾਲ ਭਰੇ ਟਰੱਕ ਦੇ ਕੁਝ ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਲੱਗੀ ਅੱਗ ਨਾਲ ਕਰੀਬ 30 ਟਰੱਕ ਅਤੇ ਹੋਰ ਵਾਹਨ ਸੜ ਕੇ ਸੁਆਹ ਹੋ ਗਏ। ਪੁਲੀਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਦੱਸਿਆ ਕਿ ਇਸ ਘਟਨਾ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 35 ਜ਼ਖਮੀ ਹੋਏ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਐਸਐਮਐਸ ਹਸਪਤਾਲ ਦਾ ਦੌਰਾ ਕੀਤਾ ਅਤੇ ਡਾਕਟਰਾਂ ਨਾਲ ਗੱਲ ਕੀਤੀ। ਉਨ੍ਹਾਂ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਇਲਾਜ ਅਤੇ ਹੋਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ।
ਵੀਡੀਓ:-
ਭੰਕਰੋਟਾ ਦੇ ਐਸਐਚਓ ਮਨੀਸ਼ ਗੁਪਤਾ ਨੇ ਕਿਹਾ ਅੱਗ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਸੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਸੜਦੀਆਂ ਗੱਡੀਆਂ ਤੱਕ ਨਹੀਂ ਪਹੁੰਚ ਸਕੀਆਂ। ਉਨ੍ਹਾ ਦੱਸਿਆ ਕਿ ਪ੍ਰਭਾਵਿਤ ਖੇਤਰ ਵਿੱਚ ਤਿੰਨ ਪੈਟਰੋਲ ਪੰਪ ਸਨ ਪਰ ਖੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਮੌਕੇ ’ਤੇ 25 ਤੋਂ ਵੱਧ ਐਂਬੂਲੈਂਸਾਂ ਨੇ ਪਹੁੰਚ ਕੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਕਾਰਨ ਹਾਈਵੇਅ ਦਾ ਕਰੀਬ 300 ਮੀਟਰ ਹਿੱਸਾ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਆਵਾਜਾਈ ਠੱਪ ਹੋ ਗਈ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੀਟੀਆਈ