ਓਲੰਪਿਕ ਹਾਕੀ ਦਾ ਪਲੇਠਾ ਭਾਰਤੀ ਕਪਤਾਨ ਜੈਪਾਲ ਮੁੰਡਾ
ਹਰਜੀਤ ਸਿੰਘ ਜੋਗਾ
ਕੁਝ ਲੋਕ ਕਿਸੇ ਖ਼ਾਸ ਕੰਮ ਲਈ ਨਹੀਂ ਬਣੇ ਹੁੰਦੇ, ਉਨ੍ਹਾਂ ਦੇ ਹਿੱਸੇ ਅਨੇਕਾਂ ਕੰਮ ਆ ਜਾਂਦੇ ਹਨ ਅਤੇ ਉਹ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਹਰੇਕ ਕੰਮ ਨੂੰ ਹੀ ਖ਼ਾਸ ਬਣਾ ਦਿੰਦੇ ਹਨ। ਜੈਪਾਲ ਸਿੰਘ ਮੁੰਡਾ ਵੀ ਅਜਿਹਾ ਹੀ ਬਹੁਪੱਖੀ ਗੁਣਾਂ ਦਾ ਧਾਰਨੀ ਵਿਅਕਤੀ ਸੀ। ਖੇਡਾਂ ਦੇ ਖੇਤਰ ਵਿੱਚ ਕਾਲਜ ਤੇ ਯੂਨੀਵਰਸਿਟੀ ਵੱਲੋਂ ਹਾਕੀ ਖੇਡਣ ਤੋਂ ਬਾਅਦ ਓਲੰਪਿਕ ਵਿੱਚ ਭਾਰਤ ਲਈ ਗੋਲਡ ਮੈਡਲ ਹਾਸਲ ਕਰਨਾ, ਇੰਗਲੈਂਡ ਵਿੱਚ ਖੇਡ ਲੇਖਕ ਵਜੋਂ ਪ੍ਰਸਿੱਧੀ ਹਾਸਲ ਕਰਨਾ, ਵਿਦਿਆਰਥੀ ਜੀਵਨ ਦੌਰਾਨ ਉੱਚ ਦਰਜੇ ਵਿੱਚ ਰਹਿ ਕੇ ਪੜ੍ਹਾਈ ਕਰਦਿਆਂ ਆਈ.ਸੀ.ਐੱਸ. ਵਰਗੀ ਕਠਿਨ ਪ੍ਰੀਖਿਆ ਪਾਸ ਕਰਨਾ, ਦੇਸ਼-ਵਿਦੇਸ਼ ਦੀਆਂ ਉੱਚ ਕੋਟੀ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਵਜੋਂ ਸੇਵਾਵਾਂ ਦੇਣਾ, ਕੁਸ਼ਲ ਪ੍ਰਬੰਧਕ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਾ, ਆਦਿਵਾਸੀ ਕਬੀਲੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਵੱਡੇ ਆਗੂ ਦੇ ਰੂਪ ਵਿੱਚ ਉੱਭਰਨਾ ਅਤੇ ਲੰਬਾ ਸਮਾਂ ਸੰਸਦ ਵਿੱਚ ਆਪਣੇ ਲੋਕਾਂ ਦੀ ਪ੍ਰਤੀਨਿਧਤਾ ਕਰਨਾ ਇੰਨੇ ਸਾਰੇ ਗੁਣ ਇੱਕ ਵਿਅਕਤੀ ਦੇ ਹਿੱਸੇ ਆਉਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੁੰਦਾ। ਆਪਣੇ ਇਨ੍ਹਾਂ ਗੁਣਾਂ ਕਾਰਨ ਜੈਪਾਲ ਸਿੰਘ ਕਬਾਇਲੀ ਲੋਕਾਂ ਵਿੱਚ ਮਰਾਂਗ ਗੋਮਕੇ (ਇੱਕ ਮਹਾਨ ਨੇਤਾ) ਵਜੋਂ ਮਸ਼ਹੂਰ ਹੋਇਆ।
ਜੈਪਾਲ ਸਿੰਘ ਨੂੰ 1928 ਵਿੱਚ ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਦਾ ਪਲੇਠਾ ਕਪਤਾਨ ਬਣਨ ਦਾ ਮਾਣ ਵੀ ਹਾਸਲ ਹੈ। ਇਨ੍ਹਾਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਸੋਨ ਤਮਗ਼ਾ ਹਾਸਲ ਕੀਤਾ ਸੀ। ਭਾਰਤ ਦੇ ਨਵੇਂ ਸੰਵਿਧਾਨ ਉੱਤੇ ਬਹਿਸ ਕਰਨ ਲਈ ਬਣਾਈ ਗਈ ਸੰਵਿਧਾਨ ਸਭਾ ਦਾ ਵੀ ਉਹ ਅਹਿਮ ਮੈਂਬਰ ਰਿਹਾ ਸੀ। ਇੱਕ ਕਬਾਇਲੀ ਆਗੂ ਵਜੋਂ ਉਸ ਨੇ ਸਮੁੱਚੇ ਕਬਾਇਲੀ ਭਾਈਚਾਰੇ ਦੇ ਹੱਕਾਂ ਲਈ ਜ਼ੋਰਦਾਰ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਉਸ ਨੇ ਬਿਹਾਰ ਪ੍ਰਾਂਤ ਵਿੱਚੋਂ ਆਦਿਵਾਸੀਆਂ ਲਈ ਇੱਕ ਵੱਖਰਾ ਰਾਜ ਬਣਾਉਣ ਦੀ ਮੰਗ ਕੀਤੀ ਤੇ ਇਸ ਰਾਜ ਦੀ ਸਥਾਪਤੀ ਲਈ ਕਬਾਇਲੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ।
ਆਦਿਵਾਸੀਆਂ ਦੇ ਹੱਕਾਂ ਲਈ ਲੜਨ ਵਾਲਾ ਜੈਪਾਲ ਸਿੰਘ ਮੁੰਡਾ ਬਿਹਾਰ ਦੇ ਇੱਕ ਆਦਿਵਾਸੀ ਕਿਸਾਨ ਦਾ ਪੁੱਤਰ ਸੀ। ਉਸ ਦਾ ਜਨਮ 3 ਜਨਵਰੀ 1903 ਨੂੰ ਬਿਹਾਰ ਪ੍ਰਾਂਤ (ਹੁਣ ਝਾਰਖੰਡ) ਵਿੱਚ ਖੁੰਟੀ ਜ਼ਿਲ੍ਹੇ ਦੇ ਪਿੰਡ ਟਕਰਾ ਪਾਹਨ ਟੋਲੀ ਵਿਖੇ ਮੁੰਡਾ ਕਬੀਲੇ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਅਮਰੂ ਪਾਹਨ ਅਤੇ ਮਾਤਾ ਦਾ ਨਾਂ ਰਾਧਾ ਮਣੀ ਸੀ। ਉਸ ਨੂੰ ਬਚਪਨ ਵਿੱਚ ਪ੍ਰਮੋਦ ਪਾਹਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਜੈਪਾਲ ਸਿੰਘ ਦੇ ਪਰਿਵਾਰ ਨੇ ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਸਦਕਾ ਈਸਾਈ ਧਰਮ ਕਬੂਲ ਕਰ ਲਿਆ ਸੀ। ਆਪਣੇ ਪਿੰਡ ਵਿੱਚੋਂ ਮੁੱਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਉਹ 1910 ਵਿੱਚ ਆਪਣੀ ਅਗਲੇਰੀ ਪੜ੍ਹਾਈ ਲਈ ਇੰਗਲੈਂਡ ਦੇ ਈਸਾਈ ਮਿਸ਼ਨਰੀਆਂ ਵੱਲੋਂ ਰਾਂਚੀ ਵਿੱਚ ਚਲਾਏ ਜਾ ਰਹੇ ਸੇਂਟ ਪਾਲ ਸਕੂਲ ਵਿੱਚ ਦਾਖਲ ਹੋ ਗਿਆ। ਇੱਕ ਵਧੀਆ ਹਾਕੀ ਖਿਡਾਰੀ ਹੋਣ ਦੇ ਨਾਲ-ਨਾਲ ਜੈਪਾਲ ਸਿੰਘ ਆਪਣੇ ਸਮੇਂ ਦਾ ਹੁਸ਼ਿਆਰ ਵਿਦਿਆਰਥੀ ਵੀ ਸੀ। ਛੋਟੀ ਉਮਰ ਵਿੱਚ ਹੀ ਉਸ ਵਿੱਚ ਲੀਡਰਸ਼ਿਪ ਦੀਆਂ ਵਿਸ਼ੇਸ਼ ਯੋਗਤਾਵਾਂ ਵੀ ਸਨ। ਜੈਪਾਲ ਸਿੰਘ ਦੇ ਇਨ੍ਹਾਂ ਵਿਸ਼ੇਸ਼ ਗੁਣਾਂ ਨੂੰ ਦੇਖਦੇ ਹੋਏ ਹੀ ਸੇਂਟ ਪਾਲ ਸਕੂਲ ਦੇ ਪ੍ਰਿੰਸੀਪਲ ਨੇ ਉੱਚ ਵਿੱਦਿਆ ਲਈ ਉਸ ਨੂੰ ਇੰਗਲੈਂਡ ਦੀ ਪ੍ਰਸਿੱਧ ਵਿੱਦਿਅਕ ਸੰਸਥਾ ‘ਯੂਨੀਵਰਸਿਟੀ ਆਫ ਆਕਸਫੋਰਡ’ ਵਿੱਚ ਭੇਜ ਦਿੱਤਾ। ਉਸ ਨੇ ਸੇਂਟ ਜੌਹਨ ਕਾਲਜ ਆਕਸਫੋਰਡ ਤੋਂ ਆਨਰਜ਼ ਆਫ ਇਕਨਾਮਿਕਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।
ਇੱਥੇ ਪੜ੍ਹਾਈ ਕਰਦਿਆਂ ਹੀ ਜੈਪਾਲ ਸਿੰਘ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੀ ਹਾਕੀ ਟੀਮ ਦਾ ਹਿੱਸਾ ਬਣ ਗਿਆ ਅਤੇ ਆਪਣੀ ਸ਼ਾਨਦਾਰ ਖੇਡ ਕਾਰਨ ਉਹ ਜਲਦੀ ਹੀ ਯੂਨੀਵਰਸਿਟੀ ਦੀ ਟੀਮ ਦਾ ਧੁਰਾ ਬਣ ਗਿਆ। ਲੰਬੀਆਂ ਤੇ ਸਟੀਕ ਹਿੱਟਾਂ ਲਗਾਉਣ ਵਿੱਚ ਜੈਪਾਲ ਸਿੰਘ ਦਾ ਕੋਈ ਸਾਨੀ ਨਹੀਂ ਸੀ। ਹਾਕੀ ਜਗਤ ਵਿੱਚ ਉਹ ਇੱਕ ਤੇਜ਼-ਤਰਾਰ ਰੱਖਿਆਤਮਕ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ। ਯੂਨੀਵਰਸਿਟੀ ਦੀ ਹਾਕੀ ਟੀਮ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਪਾਏ ਗਏ ਵਿਸ਼ੇਸ਼ ਯੋਗਦਾਨ ਸਦਕਾ ਹੀ ਉਸ ਨੂੰ ‘ਆਕਸਫੋਰਡ ਬਲੂ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਉਸ ਸਮੇਂ ਉਹ ਪਹਿਲਾ ਭਾਰਤੀ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਖਿਡਾਰੀ ਸੀ ਜਿਸ ਨੂੰ ਇਹ ਸਨਮਾਨ ਦਿੱਤਾ ਗਿਆ ਸੀ। ਇਸੇ ਸਮੇਂ ਦੌਰਾਨ ਹੀ ਉਹ ਲੰਡਨ ਦੇ ਅਖ਼ਬਾਰਾਂ ਲਈ ਕਾਲਮ ਨਵੀਸ ਵਜੋਂ ਵੀ ਜੁੜਿਆ ਰਿਹਾ।
ਅਰਥ ਸ਼ਾਸਤਰ ਦੀ ਡਿਗਰੀ ਕਰਨ ਤੋਂ ਬਾਅਦ ਜੈਪਾਲ ਸਿੰਘ ਮੁੰਡਾ ਨੇ ਇੰਡੀਅਨ ਸਿਵਲ ਸਰਵਿਸਿਜ਼ (ਆਈ.ਸੀ.ਐੱਸ.) ਦੀ ਪ੍ਰੀਖਿਆ ਦਿੱਤੀ ਅਤੇ ਇੰਟਰਵਿਊ ਵਿੱਚ ਸਾਰੇ ਉਮੀਦਵਾਰਾਂ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਕੇ ਇਹ ਪ੍ਰੀਖਿਆ ਪਾਸ ਕਰ ਲਈ। ਬ੍ਰਿਟਿਸ਼ ਸਰਕਾਰ ਵੱਲੋਂ ਉਸ ਸਮੇਂ ਭਾਰਤੀ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਭਾਰਤ ਵਿੱਚ ਹੀ ਕਰਵਾਈ ਜਾਂਦੀ ਸੀ, ਪਰ ਉਨ੍ਹਾਂ ਨੂੰ ਪ੍ਰੀਖਿਆ ਪਾਸ ਕਰਨ ਉਪਰੰਤ ਇੰਗਲੈਂਡ ਵਿੱਚ ਜਾ ਕੇ ਟਰੇਨਿੰਗ ਕਰਨੀ ਪੈਂਦੀ ਸੀ। 1928 ਵਿੱਚ ਜਦੋਂ ਜੈਪਾਲ ਇੰਗਲੈਂਡ ਵਿੱਚ ਆਈ.ਸੀ.ਐੱਸ. ਦੀ ਟਰੇਨਿੰਗ ਕਰ ਰਿਹਾ ਸੀ ਤਾਂ ਉਸ ਨੂੰ ਐਮਸਟਰਡਮ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਜਾ ਰਹੀ ਭਾਰਤੀ ਟੀਮ ਲਈ ਖੇਡਣ ਦਾ ਸੱਦਾ ਆ ਗਿਆ ਅਤੇ ਉਸ ਨੂੰ ਤੁਰੰਤ ਭਾਰਤੀ ਹਾਕੀ ਟੀਮ ਨਾਲ ਜੁੜਨ ਲਈ ਕਿਹਾ ਗਿਆ। ਜੈਪਾਲ ਸਿੰਘ ਨੇ ਲੰਡਨ ਵਿਚਲੇ ਭਾਰਤੀ ਦਫ਼ਤਰ ਨਾਲ ਸੰਪਰਕ ਕਰਕੇ ਐਮਸਟਰਡਮ ਓਲੰਪਿਕ ਵਿੱਚ ਭਾਗ ਲੈਣ ਲਈ ਛੁੱਟੀ ਦੀ ਮੰਗ ਕੀਤੀ, ਪਰ ਉਸ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜੈਪਾਲ ਨੂੰ ਇਸ ਗੱਲ ਦਾ ਪੱਕਾ ਪਤਾ ਸੀ ਕਿ ਜੇਕਰ ਉਹ ਟਰੇਨਿੰਗ ਛੱਡ ਕੇ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਜਾਵੇਗਾ ਤਾਂ ਉਸ ਨੂੰ ਆਈ.ਸੀ.ਐੱਸ. ਵਿੱਚੋਂ ਕੱਢ ਦਿੱਤਾ ਜਾਵੇਗਾ।
ਹੁਣ ਜੈਪਾਲ ਸਿੰਘ ਦੇ ਸਾਹਮਣੇ ਦੋ ਰਸਤੇ ਸਨ। ਪਹਿਲਾ, ਭਾਰਤ ਵਾਸੀ ਹੋਣ ਕਾਰਨ ਓਲੰਪਿਕ ਖੇਡਾਂ ਵਿੱਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਕੇ ਦੇਸ਼ ਦਾ ਮਾਣ ਵਧਾਇਆ ਜਾਵੇ ਅਤੇ ਦੂਸਰਾ ਆਈ.ਸੀ.ਐੱਸ. ਅਫ਼ਸਰ ਬਣ ਕੇ ਐਸ਼ੋ-ਆਰਾਮ ਤੇ ਉੱਚ ਰੁਤਬੇ ਵਾਲਾ ਜੀਵਨ ਬਤੀਤ ਕੀਤਾ ਜਾਵੇ। ਉਸ ਨੇ ਆਪਣੇ ਦਿਲ ਦੀ ਗੱਲ ਸੁਣਦਿਆਂ ਦੇਸ਼ਭਗਤੀ ਦਾ ਰਸਤਾ ਚੁਣਿਆ ਅਤੇ ਆਈ.ਸੀ.ਐੱਸ. ਦੀ ਨੌਕਰੀ ਨੂੰ ਠੋਕਰ ਮਾਰ ਕੇ ਦੇਸ਼ ਲਈ ਖੇਡਣ ਨੂੰ ਤਰਜੀਹ ਦਿੱਤੀ। ਐਮਸਟਰਡਮ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਸੀ ਅਤੇ ਇਸ ਟੀਮ ਦੀ ਕਮਾਨ ਜੈਪਾਲ ਸਿੰਘ ਮੁੰਡਾ ਦੇ ਹੱਥਾਂ ਵਿੱਚ ਸੌਂਪੀ ਗਈ। ਭਾਰਤੀ ਹਾਕੀ ਟੀਮ ਨੇ ਜੈਪਾਲ ਦੀ ਕਪਤਾਨੀ ਹੇਠ ਲੀਗ ਪੱਧਰ ’ਤੇ ਸਾਰੇ ਮੈਚਾਂ ਵਿੱਚ ਵਿਰੋਧੀ ਟੀਮਾਂ ਖਿਲਾਫ਼ ਇੱਕ ਪਾਸੜ ਜਿੱਤਾਂ ਦਰਜ ਕੀਤੀਆਂ। ਲੀਗ ਮੈਚਾਂ ਵਿੱਚ ਭਾਰਤ ਨੇ ਆਸਟਰੀਆ ਨੂੰ 6-0 ਨਾਲ, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0 ਅਤੇ ਸਵਿਟਜ਼ਰਲੈਂਡ ਨੂੰ 6-0 ਨਾਲ ਹਰਾਇਆ ਸੀ। ਇਹ ਜੈਪਾਲ ਮੁੰਡਾ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਟੀਮ ਮੈਨੇਜਰ ਏ.ਬੀ. ਰੂਜ਼ੀਅਰ ਤੇ ਟੀਮ ਦੇ ਐਂਗਲੋ ਇੰਡੀਅਨ ਖਿਡਾਰੀਆਂ ਨਾਲ ਤਕਰਾਰਬਾਜ਼ੀ ਹੋਣ ਕਾਰਨ ਲੀਗ ਮੁਕਾਬਲਿਆਂ ਤੋਂ ਬਾਅਦ ਉਸ ਨੇ ਦੇਸ਼ ਹਿੱਤ ਵਿੱਚ ਆਪਣੇ ਆਪ ਨੂੰ ਟੀਮ ਤੋਂ ਵੱਖ ਕਰ ਲਿਆ ਸੀ। ਜਿਸ ਕਾਰਨ ਉਹ ਫਾਈਨਲ ਮੁਕਾਬਲਾ ਨਹੀਂ ਖੇਡ ਸਕਿਆ। ਇਹ ਮੁਕਾਬਲਾ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਰਹੇ ਹਾਲੈਂਡ ਅਤੇ ਭਾਰਤ ਵਿਚਕਾਰ ਖੇਡਿਆ ਜਾਣਾ ਸੀ।
ਭਾਰਤੀ ਟੀਮ ਨੇ ਉੱਪ ਕਪਤਾਨ ਬਰੂਮ ਐਰਿਕ ਪਿਨਿੰਗਰ ਦੀ ਅਗਵਾਈ ਵਿੱਚ ਫਾਈਨਲ ਖੇਡਦਿਆਂ ਮੇਜ਼ਬਾਨ ਹਾਲੈਂਡ ਨੂੰ 3-0 ਨਾਲ ਹਰਾਇਆ ਅਤੇ ਪਹਿਲੀ ਵਾਰ ਓਲੰਪਿਕ ਚੈਂਪੀਅਨ ਬਣ ਕੇ ਹਾਕੀ ਜਗਤ ਵਿੱਚ ਆਪਣੀ ਬਾਦਸ਼ਾਹਤ ਦਾ ਝੰਡਾ ਗੱਡਿਆ ਸੀ। ਜਦਕਿ ਜਰਮਨੀ ਨੂੰ ਤੀਜੇ ਅਤੇ ਬੈਲਜੀਅਮ ਨੂੰ ਚੌਥੇ ਸਥਾਨ ’ਤੇ ਸਬਰ ਕਰਨਾ ਪਿਆ। ਇਸ ਓਲੰਪਿਕ ਵਿੱਚ 9 ਦੇਸ਼ਾਂ ਦੀਆਂ ਹਾਕੀ ਟੀਮਾਂ ਨੇ ਭਾਗ ਲਿਆ ਸੀ। ਕੁਲ ਖੇਡੇ ਗਏ 18 ਮੈਚਾਂ ਵਿੱਚ ਕੁਲ 69 ਗੋਲ ਹੋਏ ਸਨ। ਭਾਰਤੀ ਟੀਮ ਨੇ ਵਿਰੋਧੀ ਟੀਮਾਂ ਖਿਲਾਫ਼ 29 ਗੋਲ ਕੀਤੇ ਸਨ ਅਤੇ ਕੋਈ ਵੀ ਟੀਮ ਭਾਰਤ ਖਿਲਾਫ਼ ਗੋਲ ਕਰਨ ਵਿੱਚ ਸਫਲ ਨਹੀਂ ਹੋ ਸਕੀ।
ਓਲੰਪਿਕ ਖੇਡਾਂ ਦੀ ਸਮਾਪਤੀ ਤੋਂ ਬਾਅਦ ਜੈਪਾਲ ਸਿੰਘ ਵਾਪਸ ਇੰਗਲੈਂਡ ਚਲਾ ਗਿਆ। ਭਾਰਤੀ ਵਾਇਸਰਾਏ ਲਾਰਡ ਇਰਵਿਨ ਨੇ ਉਸ ਨੂੰ ਸ਼ਾਨਦਾਰ ਕਪਤਾਨੀ ਕਰਨ ਅਤੇ ਭਾਰਤੀ ਟੀਮ ਦੀ ਜਿੱਤ ਲਈ ਨਿੱਜੀ ਤੌਰ ’ਤੇ ਵਧਾਈ ਦਿੱਤੀ। ਲਾਰਡ ਇਰਵਿਨ ਦੇ ਕਹਿਣ ’ਤੇ ਜੈਪਾਲ ਸਿੰਘ ਨੂੰ ਆਈ.ਸੀ.ਐੱਸ. ਦੇ ਪ੍ਰੋਬੇਸ਼ਨ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ, ਪਰ ਉਸ ਦਾ ਪ੍ਰੋਬੇਸ਼ਨ ਪੀਰੀਅਡ ਇੱਕ ਸਾਲ ਹੋਰ ਵਧਾ ਦਿੱਤਾ ਗਿਆ। ਅੰਗਰੇਜ਼ ਅਫ਼ਸਰਾਂ ਦੀ ਭਾਰਤੀ ਲੋਕਾਂ ਪ੍ਰਤੀ ਵਿਖਾਈ ਜਾਂਦੀ ਭੇਦਭਾਵ ਵਾਲੀ ਭਾਵਨਾ ਅਤੇ ਆਪਣਾ ਪ੍ਰੋਬੇਸ਼ਨ ਪੀਰਅਡ ਵਧਾਏ ਜਾਣ ਨਾਲ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਦਿਆਂ ਜੈਪਾਲ ਨੇ ਇਹ ਪ੍ਰਸਤਾਵ ਨਾ ਮਨਜ਼ੂਰ ਕਰਕੇ ਆਈ.ਸੀ.ਐੱਸ. ਦੀ ਨੌਕਰੀ ਨੂੰ ਠੋਕਰ ਮਾਰੀ ਤੇ ਭਾਰਤ ਵਾਪਸ ਆ ਗਿਆ।
ਇੰਗਲੈਂਡ ਤੋਂ ਵਾਪਸੀ ’ਤੇ ਭਾਰਤ ਵਿੱਚ ਆ ਕੇ ਉਸ ਨੇ ਤੇਲ ਕੰਪਨੀ ਬਰਮਾ ਸ਼ੈੱਲ ਵਿੱਚ ਸੀਨੀਅਰ ਐਗਜ਼ੀਕਿਊਟਿਵ ਦੀ ਨੌਕਰੀ ਕਰ ਲਈ। 1934 ਵਿੱਚ ਘਾਨਾ ਜਾ ਕੇ ਅਧਿਆਪਕ ਵਜੋਂ ਤਿੰਨ ਸਾਲ ਕੰਮ ਕਰਨ ਤੋਂ ਬਾਅਦ ਉਹ ਫਿਰ ਭਾਰਤ ਮੁੜ ਆਇਆ। 1937 ਵਿੱਚ ਉਸ ਨੂੰ ਰਾਜਕੁਮਾਰ ਕਾਲਜ ਰਾਏਪੁਰ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਇਸ ਕਾਲਜ ਵਿੱਚ ਅੰਗਰੇਜ਼ਾਂ ਅਤੇ ਭਾਰਤ ਦੇ ਅਮੀਰ ਲੋਕਾਂ ਦੇ ਬੱਚੇ ਪੜ੍ਹਦੇ ਸਨ। ਉਨ੍ਹਾਂ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਇੱਕ ਕਬਾਇਲੀ ਵਿਅਕਤੀ ਉਸ ਕਾਲਜ ਦਾ ਮੁਖੀ ਹੋਵੇ, ਇਸ ਲਈ ਜੈਪਾਲ ਨੂੰ ਇਹ ਕਾਲਜ ਵੀ ਛੱਡਣਾ ਪਿਆ। ਇਸ ਤੋਂ ਬਾਅਦ ਉਹ 1938 ਵਿੱਚ ਬੀਕਾਨੇਰ ਪ੍ਰਿੰਸਲੀ ਸਟੇਟ ਦੇ ਵਿਦੇਸ਼ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਲੱਗਾ। ਉਹ ਕੁਝ ਸਮੇਂ ਲਈ ਕਲਕੱਤਾ ਦੇ ਮੋਹਨ ਬਾਗਾਨ ਕਲੱਬ ਨਾਲ ਵੀ ਜੁੜਿਆ ਰਿਹਾ ਅਤੇ ਕਲੱਬ ਦੀ ਟੀਮ ਤਿਆਰ ਕਰਕੇ ਕਈ ਮੁਕਾਬਲਿਆਂ ਵਿੱਚ ਟੀਮ ਦੀ ਅਗਵਾਈ ਕੀਤੀ। ਸਰਗਰਮ ਹਾਕੀ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਬੰਗਾਲ ਹਾਕੀ ਐਸੋਸੀਏਸ਼ਨ ਦਾ ਸਕੱਤਰ ਅਤੇ ਇੰਡੀਅਨ ਸਪੋਰਟਸ ਕੌਂਸਲ ਦਾ ਮੈਂਬਰ ਵੀ ਰਿਹਾ।
ਜੈਪਾਲ ਸਿੰਘ ਦਾ ਪਹਿਲਾ ਵਿਆਹ ਵੋਮੇਸ਼ ਚੰਦਰ ਬੈਨਰਜੀ ਦੀ ਦੋਹਤੀ ਤਾਰਾ ਮਜ਼ੂਮਦਾਰ ਨਾਲ ਹੋਇਆ, ਪਰ ਇਹ ਵਿਆਹ ਲੰਬਾ ਨਹੀਂ ਚੱਲ ਸਕਿਆ। ਇਸ ਤੋਂ ਬਾਅਦ 1954 ਵਿੱਚ ਉਸ ਦਾ ਦੂਸਰਾ ਵਿਆਹ ਜਹਾਂਆਰਾ ਨਾਲ ਹੋਇਆ। ਜੈਪਾਲ ਸਿੰਘ ਨੇ ਸੋਚਿਆ ਕਿ ਆਪਣੀਆਂ ਵਿਸ਼ੇਸ਼ ਯੋਗਤਾਵਾਂ ਸਦਕਾ ਉਹ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਇਸ ਸਬੰਧੀ ਉਸ ਨੇ ਬਿਹਾਰ ਕਾਂਗਰਸ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸ਼ਾਦ ਨੂੰ ਇੱਕ ਪੱਤਰ ਲਿਖ ਕੇ ਬਿਹਾਰ ਵਿੱਚ ਸਿੱਖਿਆ ਖੇਤਰ ਵਿੱਚ ਸੇਵਾਵਾਂ ਦੇਣ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ, ਪਰ ਉਸ ਨੂੰ ਇਸ ਸਬੰਧੀ ਕੋਈ ਹਾਂ-ਪੱਖੀ ਜਵਾਬ ਨਾ ਮਿਲਿਆ। 1938 ਦੇ ਆਖਰੀ ਮਹੀਨੇ ਉਸ ਨੇ ਰਾਂਚੀ ਅਤੇ ਪਟਨਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉੱਥੋਂ ਦੇ ਕਬਾਇਲੀ ਲੋਕਾਂ ਦੀ ਬਦਤਰ ਹਾਲਤ ਨੂੰ ਦੇਖਦੇ ਹੋਏ ਉਸ ਨੇ ਰਾਜਨੀਤੀ ਦੇ ਮੈਦਾਨ ਵਿੱਚ ਉਤਰ ਕੇ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ।
1939 ਵਿੱਚ ਉਸ ਨੇ ਆਦਿਵਾਸੀਆਂ ਨੂੰ ਇਕੱਠੇ ਮਿਲ ਕੇ ਸੰਘਰਸ਼ ਕਰਨ ਲਈ ਪ੍ਰੇਰਿਆ ਅਤੇ ਆਦੀਵਾਸੀ ਮਹਾਂਸਭਾ ਦਾ ਨਿਰਮਾਣ ਕੀਤਾ। ਇਸ ਸਭਾ ਦਾ ਪ੍ਰਧਾਨ ਜੈਪਾਲ ਸਿੰਘ ਨੂੰ ਬਣਾਇਆ ਗਿਆ। ਇਸ ਨਾਲ ਆਦਿਵਾਸੀਆਂ ਲਈ ਵੱਖਰਾ ਝਾਰਖੰਡ ਰਾਜ ਬਣਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਬਲ ਮਿਲਿਆ। ਆਜ਼ਾਦੀ ਤੋਂ ਬਾਅਦ ਆਦਿਵਾਸੀ ਮਹਾਂਸਭਾ ਵਿੱਚੋਂ ਝਾਰਖੰਡ ਪਾਰਟੀ ਦਾ ਜਨਮ ਹੋਇਆ। ਇਸ ਪਾਰਟੀ ਨੇ 1952 ਵਿੱਚ ਜੈਪਾਲ ਸਿੰਘ ਦੀ ਅਗਵਾਈ ਵਿੱਚ ਬਿਹਾਰ ਵਿਧਾਨ ਸਭਾ ਲਈ ਚੋਣਾਂ ਲੜ ਕੇ 33 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। 1963 ਵਿੱਚ ਉਸ ਨੇ ਆਪਣੀ ਪਾਰਟੀ ਦਾ ਕਾਂਗਰਸ ਪਾਰਟੀ ਵਿੱਚ ਰਲੇਵਾਂ ਕਰ ਲਿਆ। ਜੈਪਾਲ ਸਿੰਘ 1952 ਤੋਂ ਆਪਣੀ ਮੌਤ ਤੱਕ ਸੰਸਦ ਮੈਂਬਰ ਰਿਹਾ। ਆਦਿਵਾਸੀਆਂ ਲਈ ਵੱਖਰੇ ਰਾਜ ਦੀ ਮੰਗ ਉਸ ਦੀ ਮੌਤ ਤੋਂ 30 ਸਾਲ ਬਾਅਦ 2000 ਵਿੱਚ ਜਾ ਕੇ ਪੂਰੀ ਹੋਈ ਅਤੇ ਨਵਾਂ ਝਾਰਖੰਡ ਰਾਜ ਹੋਂਦ ਵਿੱਚ ਆਇਆ।
ਜੈਪਾਲ ਸਿੰਘ ਆਪਣੇ ਸਿਧਾਂਤਾਂ ਅਨੁਸਾਰ ਜੀਵਨ ਜਿਉਣ ਵਾਲਾ ਵਿਅਕਤੀ ਸੀ। ਆਪਣੇ ਸਿਧਾਂਤਾਂ ’ਤੇ ਪਹਿਰਾ ਦੇਣ ਲਈ ਉਹ ਆਪਣਾ ਨਫਾ-ਨੁਕਸਾਨ ਨਹੀਂ ਵੇਖਦਾ ਸੀ। ਭਾਰਤ ਦੇ ਮਸ਼ਹੂਰ ਕ੍ਰਿਕਟ ਖਿਡਾਰੀ ਮਨਸੂਰ ਅਲੀ ਖਾਨ ਪਟੌਦੀ ਦਾ ਪਿਤਾ ਇਫਤਿਖਾਰ ਅਲੀ ਖਾਨ ਪਟੌਦੀ ਵੀ ਉਸ ਸਮੇਂ ਜੈਪਾਲ ਸਿੰਘ ਨਾਲ ਇੰਗਲੈਂਡ ਦੇ ਪ੍ਰਸਿੱਧ ਕਲੱਬ ਵਿੰਬਲਡਨ ਹਾਕੀ ਕਲੱਬ ਵਿੱਚ ਹਾਕੀ ਖੇਡਦਾ ਹੁੰਦਾ ਸੀ। ਉਸ ਦੀ ਚੋਣ ਵੀ ਜੈਪਾਲ ਸਿੰਘ ਨਾਲ ਹੀ ਭਾਰਤ ਦੀ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀ ਹਾਕੀ ਟੀਮ ਵਿੱਚ ਹੋ ਗਈ ਸੀ, ਪਰ ਪਟੌਦੀ ਨੇ ਆਪਣੇ ਕ੍ਰਿਕਟ ਪ੍ਰਤੀ ਮੋਹ ਸਦਕਾ ਭਾਰਤੀ ਟੀਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਦੂਜੇ ਪਾਸੇ ਜੈਪਾਲ ਸਿੰਘ ਨੇ ਆਪਣੇ ਦੇਸ਼ ਪ੍ਰੇਮ ਨੂੰ ਸਾਹਮਣੇ ਰੱਖਦਿਆਂ ਆਪਣੀ ਆਈ.ਸੀ.ਐੱਸ. ਦੀ ਨੌਕਰੀ ਨੂੰ ਲੱਤ ਮਾਰ ਕੇ ਦੇਸ਼ ਲਈ ਹਾਕੀ ਖੇਡਣਾ ਜ਼ਿਆਦਾ ਜ਼ਰੂਰੀ ਸਮਝਿਆ ਸੀ। 1928 ਦੀਆਂ ਓਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਵਿੱਚ ਸ਼ਾਮਲ ਐਂਗਲੋ ਇੰਡੀਅਨ ਖਿਡਾਰੀਆਂ ਅਤੇ ਟੀਮ ਮੈਨੇਜਰ ਦੀਆਂ ਮਨਮਾਨੀਆਂ ਕਪਤਾਨ ਜੈਪਾਲ ਸਿੰਘ ਲਈ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਸਨ। ਜਦੋਂ ਜੈਪਾਲ ਸਿੰਘ ਨੂੰ ਇਹ ਲੱਗਿਆ ਕਿ ਉਮੀਦ ਮੁਤਾਬਕ ਸਭ ਅੱਛਾ ਨਹੀਂ ਹੋ ਰਿਹਾ ਤਾਂ ਉਸ ਨੇ ਦੇਸ਼ ਹਿੱਤ ਟੀਮ ਨੂੰ ਛੱਡਣ ਦਾ ਫੈਸਲਾ ਕਰ ਲਿਆ। ਇਸ ਕਾਟੋ-ਕਲੇਸ਼ ਦੇ ਚੱਲਦਿਆਂ 1932 ਦੀਆਂ ਓਲੰਪਿਕ ਖੇਡਾਂ ਲਈ ਵੀ ਜੈਪਾਲ ਸਿੰਘ ਦੀ ਚੋਣ ਨਾ ਕੀਤੀ ਗਈ ਅਤੇ ਮੁੜ ਉਹ ਦੇਸ਼ ਲਈ ਹਾਕੀ ਨਾ ਖੇਡ ਸਕਿਆ। ਧਿਆਨ ਚੰਦ ਨੇ ਆਪਣੀ ਸਵੈ-ਜੀਵਨੀ ‘ਗੋਲ’ ਵਿੱਚ ਇਹ ਮੰਨਿਆ ਹੈ ਕਿ ਉਸ ਸਮੇਂ ਜੈਪਾਲ ਸਿੰਘ ਨੂੰ ਭਾਰਤੀ ਟੀਮ ਲਈ ਨਾ ਚੁਣ ਕੇ ਉਸ ਦੀ ਅਣਦੇਖੀ ਕਰਨਾ ਗ਼ਲਤ ਸੀ। ਕਬਾਇਲੀ ਲੋਕਾਂ ਦੇ ਹੱਕਾਂ ਲਈ ਲੜਦਿਆਂ-ਲੜਦਿਆਂ ਹੀ 20 ਮਾਰਚ 1970 ਵਿੱਚ 68 ਸਾਲ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ। 2013 ਵਿੱਚ ਰਾਂਚੀ ਵਿੱਚ ਇੱਕ ਸਟੇਡੀਅਮ ਦਾ ਨਾਮ ਜੈਪਾਲ ਸਿੰਘ ਮੁੰਡਾ ਦੇ ਨਾਮ ’ਤੇ ਰੱਖਿਆ ਗਿਆ ਹੈ। ਸਟੇਡੀਅਮ ਵਿੱਚ ਜੈਪਾਲ ਸਿੰਘ ਦਾ ਬੁੱਤ ਵੀ ਲਗਾਇਆ ਗਿਆ ਹੈ।
ਸੰਪਰਕ: 94178-30981