ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਜੇਲ੍ਹ ਦਾ ਦੌਰਾ
ਪੱਤਰ ਪ੍ਰੇਰਕ
ਫਰੀਦਾਬਾਦ, 7 ਅਗਸਤ
ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਾਰਜਕਾਰੀ ਚੇਅਰਪਰਸਨ ਦੀਪ ਭਾਟੀਆ ਨੇ ਅੱਜ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਫਰੀਦਬਾਦ ਦੀ ਜ਼ਿਲ੍ਹਾ ਜੇਲ੍ਹ ਵਿੱਚ ਮਹਿਲਾ ਵਾਰਡ ਸਮੇਤ ਸਾਰੀਆਂ ਬੈਰਕਾਂ ਦੀ ਸਾਫ਼-ਸਫ਼ਾਈ, ਰਹਿਣ-ਸਹਿਣ, ਖਾਣ-ਪੀਣ ਅਤੇ ਮੈਡੀਕਲ ਸਹੂਲਤਾਂ ਆਦਿ ਦੀ ਬਾਰੀਕੀ ਨਾਲ ਜਾਂਚ ਕੀਤੀ। ਜ਼ਿਲ੍ਹਾ ਜੇਲ੍ਹ ਦੇ ਨਿਰੀਖਣ ਦੌਰਾਨ ਦੀਪ ਭਾਟੀਆ ਨੇ ਕੈਦੀਆਂ ਤੋਂ ਖਾਣੇ, ਦਵਾਈਆਂ, ਸਫ਼ਾਈ ਵਿਵਸਥਾ ਆਦਿ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਦੇ ਨਾਲ ਹੀ ਉਨ੍ਹਾਂ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਦੀ ਖੁਦ ਜਾਂਚ ਕੀਤੀ। ਉਨ੍ਹਾਂ ਲਾਇਬ੍ਰੇਰੀ, ਰਸੋਈ ਆਦਿ ਦਾ ਨਿਰੀਖਣ ਕੀਤਾ। ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਸਤਵਿੰਦਰ ਗੋਦਾਰਾ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਆਖਿਆ। ਉਨ੍ਹਾਂ ਨੇ ਮਹਿਲਾ ਕੈਦੀਆਂ ਲਈ ਵਾਰਡ ਵਿੱਚ ਮੌਜੂਦ ਸਹੂਲਤਾਂ, ਬੱਚਿਆਂ ਦੀ ਦੇਖਭਾਲ, ਔਰਤਾਂ ਲਈ ਮੈਡੀਕਲ ਸਹੂਲਤਾਂ, ਲਾਇਬ੍ਰੇਰੀ, ਵੋਕੇਸ਼ਨਲ ਟਰੇਨਿੰਗ ਸੈਂਟਰ ਅਤੇ ਮੈਡੀਟੇਸ਼ਨ ਸਪੋਰਟ ਸੈਂਟਰ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਵਿਸ਼ੇਸ਼ ਸਕੱਤਰ ਗੁਲਸ਼ਨ ਖੁਰਾਣਾ, ਨੀਮਕਾ ਜੇਲ੍ਹ ਦੇ ਸੁਪਰਡੈਂਟ ਸਤਵਿੰਦਰ ਗੋਦਾਰਾ, ਮਨੁੱਖੀ ਅਧਿਕਾਰ ਕਮਿਸ਼ਨ ਤੋਂ ਆਈਪੀਆਰਓ ਪੁਨੀਤ ਅਰੋੜਾ, ਲੀਗਲ ਏਡ ਤੋਂ ਮਨਮੀਤ ਕੌਰ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।