ਜਗਤਾਰ ਗਿੱਲ ਦੀ ਪੁਸਤਕ ‘ਪਾ ਚਾਨਣ ਦੀ ਬਾਤ’ ਲੋਕ ਅਰਪਣ
ਪੱਤਰ ਪ੍ਰੇਰਕ
ਅੰਮ੍ਰਿਤਸਰ, 17 ਸਤੰਬਰ
ਪੰਜਾਬੀ ਲੇਖਕਾਂ ਦੀ ਜਥੇਬੰਦੀ ਰਾਬਤਾ ਮੁਕਾਲਮਾ ਕਾਵਿ ਮੰਚ ਵਲੋਂ ਆਰੰਭੀ ‘ਲੇਖਕਾਂ ਸੰਗ ਸੰਵਾਦ’ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਸ਼ਾਇਰ ਜਗਤਾਰ ਗਿੱਲ ਦੀ ਦੋਹਾ ਪੁਸਤਕ ‘ਪਾ ਚਾਨਣ ਦੀ ਬਾਤ’ ਲੋਕ ਅਰਪਿਤ ਕੀਤੀ ਗਈ। ਸਮਾਗਮ ਦੇ ਕਨਵੀਨਰ ਸਰਬਜੀਤ ਸਿੰਘ ਸੰਧੂ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਪੁਸਤਕ ਬਾਰੇ ਜਾਣ ਪਹਿਚਾਣ ਕਰਵਾਈ। ‘ਪਾ ਚਾਨਣ ਦੀ ਬਾਤ’ ਦੇ ਇਸ ਲੋਕ ਅਰਪਿਤ ਸਮਾਗਮ ਵਿੱਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਮਾਨਸਿਕ ਸਕੂਨ ਬਖ਼ਸ਼ਦੀਆਂ ਹਨ। ਸ਼ਾਇਰਾ ਅਰਤਿੰਦਰ ਸੰਧੂ ਅਤੇ ਸ਼ਾਇਰ ਮਲਵਿੰਦਰ ਨੇ ਕਿਹਾ ਕਿ ਜਗਤਾਰ ਗਿੱਲ ਦੀ ਸ਼ਾਇਰੀ ਮਨੁੱਖੀ ਮਨ ਵਿੱਚ ਉਪਜੇ ਭਾਵਾਂ ਦੀ ਤਰਜਮਾਨੀ ਕਰਦਿਆਂ ਸਾਰਥਿਕ ਸੁਨੇਹਾ ਦਿੰਦੀ ਹੈ। ਹਰਜੀਤ ਸਿੰਘ ਸੰਧੂ, ਡਾ. ਮੋਹਨ ਅਤੇ ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਕਿਹਾ ਕਿ ਪੁਸਤਕ ਵਿਚਲੀ ਸ਼ਾਇਰੀ ਜ਼ਿੰਦਗੀ ਦੀਆਂ ਵਿਭਿੰਨ ਪਰਤਾਂ ਅਤੇ ਦੁਸ਼ਵਾਰੀਆਂ ਨੂੰ ਰੂਪਮਾਨ ਕਰਦੀ ਹੈ। ਬਲਜਿੰਦਰ ਮਾਂਗਟ, ਜਸਵੰਤ ਧਾਪ ਅਤੇ ਸਤਿੰਦਰ ਓਠੀ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀ ਸ਼ਾਇਰੀ ਪਾਠਕਾਂ ਅੰਦਰ ਨਵੀਂ ਊਰਜਾ ਬਖ਼ਸ਼ਦੀ ਹੈ। ਅਖੀਰ ’ਚ ਤਰਸੇਮ ਲਾਲ ਬਾਵਾ ਅਤੇ ਰਾਜ ਖੁਸ਼ਵੰਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕੀਤਾ।