For the best experience, open
https://m.punjabitribuneonline.com
on your mobile browser.
Advertisement

ਜਗਰਾਉਂ: ਬਜ਼ੁਰਗ ਦੀ ਵੋਟ ਕੋਈ ਹੋਰ ਹੀ ਪਾ ਗਿਆ

08:49 AM Jun 02, 2024 IST
ਜਗਰਾਉਂ  ਬਜ਼ੁਰਗ ਦੀ ਵੋਟ ਕੋਈ ਹੋਰ ਹੀ ਪਾ ਗਿਆ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਹੋਇਆ ਬਜ਼ੁਰਗ ਅਸ਼ੋਕ ਕੁਮਾਰ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਜੂਨ
ਵਿਧਾਨ ਸਭਾ ਹਲਕਾ ਜਗਰਾਉਂ ਵਿੱਚ ਵੋਟਾਂ ਦਾ ਕੰਮ ਨਿਰਵਿਘਨ ਬਿਨਾਂ ਕਿਸੇ ਤਣਾਅ ਅਤੇ ਝਗੜੇ ਦੇ ਨੇਪਰੇ ਚੜ੍ਹਿਆ। ਉਥੇ ਹੀ ਅੱਜ ਦੇ ਸਮੇਂ ਵੀ ਵੋਟਾਂ ’ਚ ਹੁੰਦੀ ਹੇਰ-ਫੇਰ ਦਾ ਮਾਮਲਾ ਸਾਹਮਣੇ ਆਇਆ, ਜਿਸ ਨੇ ਚੋਣ ਕਮਿਸ਼ਨ ਦੇ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵੇ ਨੂੰ ਫੁੱਸ ਕਰ ਦਿੱਤਾ। ਦਰਅਸਲ ਜਦੋਂ ਇੱਕ ਬਜ਼ੁਰਗ ਅਸ਼ੋਕ ਕੁਮਾਰ ਆਪਣੀ ਵੋਟ ਪਾਉਣ ਲਈ ਸ਼ਾਸ਼ਤਰੀ ਨਗਰ ਬੂਥ ਨੰਬਰ 3 ’ਤੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਵੋਟ ਕੋਈ ਹੋਰ ਹੀ ਪਾ ਗਿਆ। ਉਨ੍ਹਾਂ ਦੱਸਿਆ ਕਿ ਉਹ ਆਪਣੀ 745 ਨੰਬਰ ਵੋਟ ਆਧਾਰ ਕਾਰਡ, ਵੋਟਰ ਪਰਚੀ ਤੇ ਵੋਟਰ ਕਾਰਡ ਲੈ ਕੇ ਵਾਰਡ ਨੰਬਰ 3 ਦੇ ਬੂਥ ਨੰਬਰ 121 ’ਤੇ ਪੁੱਜੇ ਤਾਂ ਅਮਲੇ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਇਹ ਕਹਿ ਕੇ ਤੋਰ ਦਿੱਤਾ ਕਿ ਉਸ ਦੀ ਵੋਟ ਪੈ ਚੁੱਕੀ ਹੈ। ਉਸ ਨੇ ਆਪਣੇ ਸਾਰੇ ਕਾਗਜ਼ਾਤ ਦਿਖਾਏ ਅਤੇ ਬਿਨਾਂ ਸਿਆਹੀ ਤੋਂ ਆਪਣੀ ਉਂਗਲ ਵੀ ਦਿਖਾਈ ਪਰ ਚੋਣ ਅਮਲਾ ਇਹ ਕਹਿੰਦਾ ਰਿਹਾ ਕਿ ਉਨ੍ਹਾਂ ਦੀ ਵੋਟ ਪੈ ਚੁੱਕੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਬਜ਼ੁਰਗ ਨੇ ਦੱਸਿਆ ਕਿ ਸ਼ਨਾਖਤੀ ਦਸਤਾਵੇਜ਼ ਮੇਰੇ ਕੋਲ ਹਨ, ਫਿਰ ਵੀ ਪਤਾ ਨਹੀਂ ਉਸਦੀ ਵੋਟ ਕਿਸ ਤਰ੍ਹਾਂ ਭੁਗਤ ਗਈ। ਬਜ਼ੁਰਗ ਨੇ ਚੋਣ ਅਮਲੇ ’ਤੇ ਵੀ ਗੰਭੀਰ ਦੋਸ਼ ਲਾਇਆ ਤੇ ਚੋਣ ਅਧਿਕਾਰੀ ਕੋਲ ਇਸ ਦੀ ਸ਼ਿਕਾਇਤ ਕਰਨ ਦੀ ਗੱਲ ਆਖੀ।
ਦੂਜੇ ਪਾਸੇ ਗਰਮੀ ਹੋਣ ਕਾਰਨ ਸਵੱਖਤੇ ਹੀ ਚੋਣ ਬੂਥਾਂ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਦੁਪਹਿਰ ਨੂੰ ਬੂਥ ਖਾਲੀ ਰਹੇ ਤੇ ਸ਼ਾਮ ਨੂੰ ਇੱਕ ਵਾਰ ਫਿਰ ਬੂਥਾਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ। ਲੜਕੀਆਂ ਦੀ ਸਿੱਖਿਆ ’ਚ ਵੱਡਾ ਰੋਲ ਨਿਭਾਉਣ ਵਾਲੇ ਪੜ੍ਹੇ ਲਿਖੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਸਿੱਧਵਾਂ ਖੁਰਦ ਦੇ ਵਸਨੀਕਾਂ ਨੇ ਪਿੰਡ ਵਿੱਚ ਕਿਸੇ ਵੀ ਪਾਰਟੀ ਦਾ ਬੂਥ ਨਾ ਲਗਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਉਪ ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੇ ਸਮੁੱਚੇ ਹਲਕੇ ’ਚ ਚੋਣਾਂ ਦਾ ਕੰਮ ਬਿੰਨਾ ਕਿਸੇ ਰੁਕਾਵਟ ਦੇ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਹੋਣ ਦਾ ਦਾਅਵਾ ਕੀਤਾ।

Advertisement

Advertisement
Author Image

Advertisement
Advertisement
×