ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਗਰਾਉਂ: ਅਦਾਲਤੀ ਕੰਪਲੈਕਸ ਨੂੰ ਜਾਣ ਵਾਲੇ ਰਾਹ ਦੀ ਹਾਲਤ ਤਰਸਯੋਗ ਬਣੀ

06:55 AM Jul 10, 2024 IST
ਜਗਰਾਉਂ ਕੋਰਟ ਕੰਪਲੈਕਸ ਨੂੰ ਜਾਂਦੇ ਰਾਹ ’ਚ ਖੜ੍ਹਾ ਮੀਂਹ ਦਾ ਗੰਦਾ ਪਾਣੀ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਜੁਲਾਈ
ਇਥੋਂ ਦੇ ਅਦਾਲਤੀ ਕੰਪਲੈਕਸ ਨੂੰ ਜਾਣ ਵਾਲੇ ਰਸਤੇ ਅਤੇ ਪਾਰਕਿੰਗ ਦਾ ਹਾਲ ਬੇਹੱਦ ਮਾੜਾ ਹੋ ਗਿਆ ਹੈ। ਕੋਰਟ ਕੰਪਲੈਕਸ ਮੂਹਰਲੇ ਇਸ ਰਸਤੇ ਤੋਂ ਲੰਘਣਾ ਆਮ ਲੋਕਾਂ ਲਈ ਸੌਖਾ ਕੰਮ ਨਹੀਂ ਹੈ। ਅਦਾਲਤੀ ਕੰਮਕਾਜ ਲਈ ਰੋਜ਼ਾਨਾ ਵੱਡੀ ਗਿਣਤੀ ਆਉਣ ਵਾਲੇ ਲੋਕ, ਵਕੀਲ, ਮੁਨਸ਼ੀ ਤੇ ਹੋਰ ਰੋਜ਼ਾਨਾ ਪ੍ਰੇਸ਼ਾਨੀ ਝੱਲ ਰਹੇ ਹਨ। ਵੱਖ-ਵੱਖ ਜਥੇਬੰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਦਿਵਾਇਆ ਹੈ ਅਤੇ ਸਾਰ ਲੈਣ ਦੀ ਮੰਗ ਕੀਤੀ ਹੈ। ਨਗਰ ਸੁਧਾਰ ਸਭਾ ਦੇ ਆਗੂ ਅਵਤਾਰ ਸਿੰਘ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਬਾਹਰੋਂ ਪਹਿਲੀ ਵਾਰ ਸਥਾਨਕ ਅਦਾਲਤ ’ਚ ਤਰੀਕ ਭੁਗਤਣ ਜਾਂ ਕਿਸੇ ਹੋਰ ਕੰਮ ਆਇਆ ਵਿਅਕਤੀ ਤਾਂ ਇਹ ਹਾਲ ਦੇਖ ਕੇ ਸਮਝਦਾ ਹੈ ਕਿ ਗਲਤੀ ਨਾਲ ਕਿਸੇ ਪਿੰਡ ਦੇ ਛੱਪੜ ’ਤੇ ਆ ਗਿਆ ਹੈ। ਇਸ ਥਾਂ ’ਤੇ ਦਰਵਾਜ਼ੇ ਤੋਂ ਪਹਿਲਾਂ ਗੰਦਗੀ ਦੇ ਢੇਰਾਂ ਅਤੇ ਬੁਦਬੂ ਮਾਰਦੇ ਮੀਂਹ ਦੇ ਇਕੱਠੇ ਹੋਏ ਪਾਣੀ ’ਚੋਂ ਬਚ ਕੇ ਲੰਘਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਸਾਲ ਪਹਿਲਾਂ ਹੀ ਇਹ ਕੋਰਟ ਕੰਪਲੈਕਸ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਰਿਆ ਗਿਆ ਸੀ ਪਰ ਇਸ ਦੀ ਖੂਬਸੂਰਤ ਦਿੱਖ ਹੌਲੀ ਹੌਲੀ ਖੁਰਦੀ ਜਾ ਰਹੀ ਹੈ। ਕੋਰਟ ਕੰਪਲੈਕਸ ’ਚ ਚਾਰ ਜੱਜ ਸਹਿਬਾਨ ਬੈਠਦੇ ਹਨ ਤੇ ਸੌ ਤੋਂ ਵਧੇਰੇ ਵਕੀਲ ਆਪਣੇ ਮੁਵੱੱਕਿਲ ਦੇ ਕੇਸ ਦੀ ਪੈਰਵੀ ਕਰਦੇ ਹਨ। ਇਸ ਕੋਰਟ ਕੰਪਲੈਕਸ ਦੇ ਮੂਹਰੇ ਏਡੀਸੀ ਦਫ਼ਤਰ ਤੇ ਐੱਸਡੀਐੱਮ ਦੀ ਰਿਹਾਇਸ਼ ਹੈ। ਕੰਪਲੈਕਸ ਦੇ ਅੰਦਰ ਹੀ ਜੱਜ ਸਹਿਬਾਨ ਦੀ ਰਿਹਾਇਸ਼ ਵੀ ਹੈ। ਜੱਜਾਂ ਤੇ ਵਕੀਲਾਂ ਲਈ ਅੱਡ ਦਾਖ਼ਲਾ ਗੇਟ ਤੇ ਪਾਰਕਿੰਗ ਹੈ ਅਤੇ ਆਮ ਜਨਤਾ ਲਈ ਵੱਖਰੀ। ਆਮ ਜਨਤਾ ਕਿਉਂਕਿ ਆਮ ਹੈ ਭਾਵੇਂ ਕਿ ਕਹਿਣ ਨੂੰ ਰਾਜ ਵੀ ਆਮ ਆਦਮੀ ਪਾਰਟੀ ਦਾ ਹੈ ਪਰ ਇਸ ਲਈ ਉਹ ਕੋਰਟ ਕੰਪਲੈਕਸ ’ਚ ਕਿਵੇਂ ਦਾਖ਼ਲ ਹੁੰਦੇ ਹਨ, ਇਸ ਨਾਲ ਕਿਸੇ ਨੂੰ ਕੋਈ ਸਰੋਕਾਰ ਨਹੀਂ ਹੈ। ਬੀਕੇਯੂ (ਡਕੌਂਦਾ) ਦੇ ਆਗੂ ਜਗਤਾਰ ਸਿੰਘ ਦੇਹੜਕਾ ਤੇ ਇੰਦਰਜੀਤ ਧਾਲੀਵਾਲ ਨੇ ਕਿਹਾ ਕਿ ਇਸ ਥਾਂ ਦਾ ਹਾਈ ਕੋਰਟ ਵਿੱਚ ਕੇਸ ਚੱਲਦਾ ਹੈ ਕਿ ਇਸਦੀ ਪਾਰਕਿੰਗ ਦੀ ਨਿਲਾਮੀ ਬਾਰ ਕਰੇ ਜਾਂ ਪ੍ਰਸ਼ਾਸਨ। ਇਨ੍ਹਾਂ ਦੋ ਪੁੜਾਂ ’ਚ ਮਾਮਲਾ ਸਾਲਾਂ ਤੋਂ ਫਸਿਆ ਹੋਇਆ ਹੈ। ਇਨਕਲਾਬੀ ਕੇਂਦਰ ਪੰਜਾਬ ਨੇ ਉਪ ਮੰਡਲ ਮੈਜਿਸਟਰੇਟ ਗੁਰਬੀਰ ਸਿੰਘ ਕੋਹਲੀ ਤੋਂ ਇਸ ਗੰਭੀਰ ਮਸਲੇ ਦਾ ਫੌਰੀ ਹੱਲ ਕਰਨ ਦੀ ਮੰਗ ਕੀਤੀ ਹੈ। ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਦਾ ਕਹਿਣਾ ਹੈ ਕਿ ਪਾਰਕਿੰਗ ਅਤੇ ਆਵਾਜਾਈ ਲਈ ਢੁੱਕਵੀਂ ਥਾਂ ਨਾ ਹੋਣ ਕਾਰਨ ਬਾਹਰ ਜੀਟੀ ਰੋਡ ’ਤੇ ਮੀਲ ਲੰਬੀ ਗੱਡੀਆਂ ਦੀ ਕਤਾਰ ਲੱਗੀ ਦੇਖੀ ਜਾ ਸਕਦੀ ਹੈ, ਜਿਸ ਕਾਰਨ ਮਾੜਾ ਹਾਦਸਾ ਵਾਪਰਨ ਜਾਂ ਗੱਡੀ ਚੋਰੀ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।

Advertisement

Advertisement