ਜਗਰਾਉਂ ਮਹਾਪੰਚਾਇਤ ਦੀਆਂ ਤਿਆਰੀਆਂ ਮੁਕੰਮਲ: ਧਨੇਰ
ਪੱਤਰ ਪ੍ਰੇਰਕ
ਮਾਨਸਾ, 20 ਮਈ
ਸੰਯੁਕਤ ਕਿਸਾਨ ਮੋਰਚਾ ਵੱਲੋਂ 21 ਮਈ ਨੂੰ ਜਗਰਾਉਂ ਦੀ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਮਹਾਪੰਚਾਇਤ ਰੈਲੀ ਲਈ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਐੱਸਕੇਐੱਮ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਇਸ ਮਹਾਪੰਚਾਇਤ ਵਿੱਚ ਸ਼ਾਮਲ ਹੋਣਗੇ ਤੇ 23 ਤੇ 24 ਮਈ ਨੂੰ ਪੰਜਾਬ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦਾ ਰੰਗ-ਢੰਗ ਇਸ ਦੌਰਾਨ ਉਲੀਕਿਆ ਜਾਵੇਗਾ। ਇਸ ਮਹਾਂ ਪੰਚਾਇਤ ਵਿੱਚ ਕਿਸਾਨ ਆਪਣੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਵੀ ਤਹਿਤ ਕਰਨਗੇ।
ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ਵਿਰੋਧ ਕਰਨ ਦੀ ਛੇੜੀ ਹੋਈ ਮੁਹਿੰਮ ਤਹਿਤ ਅਗਲੇ ਮਹੱਤਵਪੂਰਨ ਐਲਾਨ ਲਈ ਇਸ ਰੈਲੀ ਨੂੰ ਰਾਜ ਵਿੱਚ ਸਭ ਤੋਂ ਅਹਿਮੀਅਤ ਨਾਲ ਦੇਖਿਆ ਜਾਣ ਲੱਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੀਕੇਯੂ (ਏਕਤਾ ਡਕੌਂਦਾ) ਦੇ ਵਰਕਰ ਅਤੇ ਬੀਬੀਆਂ 13 ਜ਼ਿਲ੍ਹਿਆਂ ਵਿੱਚੋਂ ਸ਼ਾਮਲ ਹੋ ਰਹੇ ਹਨ।
ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲੇ ’ਤੇ ਸੂਬੇ ਭਰ ਵਿੱਚ ਭਾਜਪਾ ਦਾ ਵਿਰੋਧ ਹੋ ਰਿਹਾ ਹੈ।