ਜਗਰਾਉਂ: ਕਿਸਾਨ ਮਹਾਪੰਚਾਇਤ ’ਚ ਮੋਦੀ ਦੀ ਪੰਜਾਬ ਫੇਰੀ ਦਾ ਜ਼ੋਰਦਾਰ ਵਿਰੋਧ ਕਰਨ ਦਾ ਐਲਾਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਦੋ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਜਗਰਾਉਂ 'ਚ ਕਿਸਾਨ ਮਹਾਪੰਚਾਇਤ ਕਰਕੇ ਉਨ੍ਹਾਂ ਦੇ ਵਿਰੋਧ ਦਾ ਐਲਾਨ ਕਰ ਦਿੱਤਾ। ਵੱਡੀ ਗਿਣਤੀ 'ਚ ਪਹੁੰਚੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਹੀਂ ਹੋ ਸਕਦਾ।
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਜਪਾ ਨੂੰ ਟੱਕਰ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। 23 ਮਈ ਨੂੰ ਪਟਿਆਲਾ ਆ ਰਹੇ ਪ੍ਰਧਾਨ ਮੰਤਰੀ ਦੇ ਸ਼ਾਂਤਮਈ ਢੰਗ ਨਾਲ ਡਟਵੇਂ ਵਿਰੋਧ ਦਾ ਐਲਾਨ ਕਰਦੇ ਹੋਏ ਪੰਜਾਬ ਭਰ ਤੋਂ ਕਿਸਾਨਾਂ ਨੂੰ ਕਾਲੀਆਂ ਝੰਡੀਆਂ ਲੈ ਕੇ ਪਟਿਆਲੇ ਪਹੁੰਚਣ ਦਾ ਵਾਅਦਾ ਲਿਆ ਗਿਆ। ਚੋਣਾਂ ਤੋਂ ਬਾਅਦ ਕੋਈ ਵੀ ਸਰਕਾਰ ਬਣੇ ਕਿਸਾਨੀ ਤੇ ਮਜ਼ਦੂਰ ਮੰਗਾਂ ਲਈ ਘੋਲ ਜਾਰੀ ਰੱਖਣ ਦਾ ਵੀ ਅਹਿਦ ਲਿਆ ਗਿਆ। ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਮਹਾਪੰਚਾਇਤ ਜਦੋਂ ਸਮਾਪਤੀ ਵੱਲ ਵਧ ਰਹੀ ਸੀ ਤਾਂ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਕਿਸਾਨਾਂ ਦਾ ਆਉਣਾ ਜਾਰੀ ਰਿਹਾ। ਵੱਡੀ ਗਿਣਤੀ 'ਚ ਕਿਸਾਨਾਂ ਦੇ ਆਉਣ ਕਰਕੇ ਸ਼ਹਿਰ 'ਚ ਕਈ ਥਾਈਂ ਅਤੇ ਕਾਫੀ ਦੇਰ ਤੱਕ ਜਾਮ ਲੱਗਿਆ ਰਿਹਾ। ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਨਾਲ ਮਹਾਪੰਚਾਇਤ ਸ਼ੁਰੂ ਹੋਈ।