ਟਰੂਡੋ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕਰਨਗੇ ਜਗਮੀਤ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਦਾ ਭਵਿੱਖ ਹੁਣ ਧੁੰਦਲਾ ਦਿਖਾਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਅਹਿਮ ਸਹਿਯੋਗੀ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਲਿਬਰਲ ਸਰਕਾਰ ਨੂੰ ਡੇਗਣ ਲਈ ਮਤਾ ਪੇਸ਼ ਕਰਨਗੇ। ਜਗਮੀਤ ਸਿੰਘ, ਜਿਨ੍ਹਾਂ ਦੀ ਪਾਰਟੀ ਟਰੂਡੋ ਨੂੰ ਅਹੁਦੇ ’ਤੇ ਬਣਾਏ ਰੱਖਣ ’ਚ ਮਦਦ ਕਰ ਰਹੀ ਹੈ, ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਖੁੱਲ੍ਹੇ ਪੱਤਰ ’ਚ ਐਲਾਨ ਕੀਤਾ ਕਿ ਉਹ ਅਗਲੇ ਸਾਲ ਟਰੂਡੋ ਦੀ ਲੀਡਰਸ਼ਿਪ ਵਾਲੀ ਲਿਬਰਲ ਸਰਕਾਰ ’ਚ ਬੇਭਰੋਸਗੀ ਦਾ ਐਲਾਨ ਕਰਨਗੇ। ਇਹ ਇੱਕ ਅਜਿਹਾ ਕਦਮ ਹੈ, ਜਿਸ ਦਾ ਜੇ ਹੋਰ ਵਿਰੋਧੀ ਪਾਰਟੀਆਂ ਹਮਾਇਤ ਕਰਦੀਆਂ ਹਨ ਤਾਂ ਮੁਲਕ ’ਚ ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਹਨ। ਕੈਨੇਡਾ ’ਚ ਅਗਲੀਆਂ ਚੋਣਾਂ ਅਕਤੂਬਰ ਜਾਂ ਇਸ ਤੋਂ ਪਹਿਲਾਂ ਹੋਣੀਆਂ ਹਨ। ਟਰੂਡੋ ਖ਼ਿਲਾਫ਼ ਖੜ੍ਹੇ ਹੋਣ ਵਾਲੇ ਜਗਮੀਤ ਸਿੰਘ ਕੈਨੇਡਾ ਦੀਆਂ ਤਿੰਨ ਮੁੱਖ ਵਿਰੋਧੀ ਪਾਰਟੀਆਂ ’ਚੋਂ ਆਖਰੀ ਹਨ। ਆਪਣੇ ਪੱਤਰ ’ਚ ਉਨ੍ਹਾਂ ਕਿਹਾ ਕਿ ਲਿਬਰਲਜ਼ ਕੋਈ ਹੋਰ ਮੌਕਾ ਦਿੱਤੇ ਜਾਣ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ, ‘ਇਸ ਲਈ ਐੱਨਡੀਪੀ ਇਹ ਸਰਕਾਰ ਡੇਗਣ ਲਈ ਵੋਟ ਪਾਏਗੀ ਅਤੇ ਕੈਨੇਡਾ ਦੇ ਲੋਕਾਂ ਨੂੰ ਅਜਿਹੀ ਸਰਕਾਰ ਲਈ ਵੋਟਿੰਗ ਕਰਨ ਦਾ ਮੌਕਾ ਦੇਵੇਗੀ ਜੋ ਉਨ੍ਹਾਂ ਲਈ ਕੰਮ ਕਰੇਗੀ।’ -ਪੀਟੀਆਈ