ਫ਼ਕੀਰਾਨਾ ਅੰਦਾਜ਼ ਵਾਲਾ ਲੋਕ ਪੱਖੀ ਪੱਤਰਕਾਰ ਜਗੀਰ ਸਿੰਘ ਜਗਤਾਰ
ਡਾ. ਮੇਘਾ ਸਿੰਘ
ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਜਗੀਰ ਸਿੰਘ ਜਗਤਾਰ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਅਗਾਂਹਵਧੂ ਲੇਖਕ, ਖੱਬੇ ਪੱਖੀ ਆਗੂ, ਨਿਸ਼ਕਾਮ ਵਰਕਰ, ਸਮਾਜ ਸੇਵੀ ਅਤੇ ਲੋਕ ਪੱਖੀ ਪੱਤਰਕਾਰ ਵਜੋਂ ਉਹ ਨਾ ਕੇਵਲ ਬਰਨਾਲੇ ਬਲਕਿ ਸਮੁੱਚੇ ਪੰਜਾਬ ਵਿਚ ਜਾਣਿਆ ਜਾਂਦਾ ਰਿਹਾ ਹੈ।
ਜਗਤਾਰ ਜੀ ਨੇ ਆਪਣੇ ਪੱਤਰਕਾਰੀ ਦੇ ਸਫ਼ਰ ਦੀ ਸ਼ੁਰੂਆਤ 1959 ਵਿਚ ਜਲੰਧਰ ਤੋਂ ਛਪਦੇ ਸੀਪੀਆਈ ਦੇ ਅਖ਼ਬਾਰ ‘ਨਵਾਂ ਜ਼ਮਾਨਾ’ ਤੋਂ ਕੀਤੀ। 1964 ਵਿਚ ਸੀਪੀਆਈ ਵਿਚ ਫੁੱਟ ਪੈਣ ਬਾਅਦ ਉਨ੍ਹਾਂ ਆਪਣਾ ਨਾਤਾ ਸੀਪੀਐੱਮ ਨਾਲ ਜੋੜ ਲਿਆ ਅਤੇ ਪਾਰਟੀ ਦੇ ਅਖ਼ਬਾਰ ‘ਲੋਕ ਲਹਿਰ’ ਵਿਚ ਸਬ ਐਡੀਟਰ ਲੱਗ ਗਏ। ਜਦੋ ‘ਲੋਕ ਲਹਿਰ’ ਢਹਿੰਦੀਆਂ ਕਲਾਂ ਵੱਲ ਜਾਣ ਲੱਗਿਆ ਤਾਂ ਜਗਤਾਰ ਜੀ ਨੇ ਜਲੰਧਰੋਂ ਵਾਪਸ ਆ ਕੇ ਬਰਨਾਲੇ ਨੂੰ ਪੱਕੇ ਤੌਰ ’ਤੇ ਆਪਣੀ ਪੱਤਰਕਾਰੀ ਦੀ ਕਰਮ ਭੂਮੀ ਬਣਾ ਲਿਆ ਅਤੇ ਇੱਥੋਂ ਹੀ ‘ਲੋਕ ਲਹਿਰ’, ‘ਨਵਾਂ ਜ਼ਮਾਨਾ’ ਅਤੇ ਹੋਰ ਕਈ ਅਖ਼ਬਾਰਾਂ ਤੇ ਮੈਗਜ਼ੀਨਾਂ ਲਈ ਖ਼ਬਰਾਂ ਅਤੇ ਫੀਚਰ ਭੇਜਣ ਲੱਗ ਗਏ। 1978 ਵਿਚ ਉਨ੍ਹਾਂ ਨੂੰ ‘ਪੰਜਾਬੀ ਟ੍ਰਿਬਿਊਨ’ ਦਾ ਬਰਨਾਲੇ ਤੋਂ ਪੱਤਰਕਾਰ ਥਾਪ ਦਿੱਤਾ ਗਿਆ ਅਤੇ ਹੋਰ ਅਖ਼ਬਾਰਾਂ ਵਿਚ ਕੰਮ ਕਰਨ ਦੀ ਬੰਦਿਸ਼ ਤੋਂ ਵੀ ਮੁਕਤ ਰੱਖਿਆ ਗਿਆ। ਕਾਫ਼ੀ ਸਾਲ ਜਗਤਾਰ ਜੀ ਬਰਨਾਲੇ ਤੋਂ ‘ਹਿੰਦ ਸਮਾਚਾਰ’ ਗਰੁੱਪ ਨੂੰ ਛੱਡ ਕੇ ਪੰਜਾਬ ਦੇ ਲਗਭਗ ਸਾਰੇ ਅਖ਼ਬਾਰਾਂ ਦੇ ਪੱਤਰਕਾਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਜਦੋਂ ਸਿਹਤ ਕਮਜ਼ੋਰ ਹੋ ਗਈ ਤਾਂ ਉਨ੍ਹਾਂ ਨੇ ਖ਼ਬਰ ਪੱਤਰਕਾਰੀ ਦਾ ਭਾਰ ਛੱਡ ਕੇ ਵਿਚਾਰ-ਪੱਤਰਕਾਰੀ, ਭਾਵ ਭਖਦੇ ਮਸਲਿਆਂ ਬਾਰੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਸਾਲ 2013 ਵਿਚ ਐੱਸਡੀ ਕਾਲਜ ਬਰਨਾਲਾ ਦੀ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਸ਼ੁਰੂ ਕੀਤੇ ਹਫ਼ਤਾਵਾਰੀ ਪੱਤਰ ‘ਸਮਾਜ ਤੇ ਪੱਤਰਕਾਰ’ ਦੀਆਂ ਸੰਪਾਦਕੀ ਜ਼ਿੰਮੇਵਾਰੀਆਂ ਸੰਭਾਲ ਦਿੱਤੀਆਂ ਜਿਹੜੀਆਂ ਉਹ ਆਪਣੇ ਜੀਵਨ ਦੇ ਆਖ਼ਰੀ ਪਲਾਂ ਤਕ ਲਗਾਤਾਰ ਨਿਭਾਉਂਦੇ ਰਹੇ।
ਪੱਤਰਕਾਰੀ ਦੇ ਇੰਨੇ ਲੰਮੇ ਸਫ਼ਰ ਦੌਰਾਨ ਜਗਤਾਰ ਜੀ ਨੇ ਕਦੇ ਵੀ ਨਿਰਪੱਖ ਅਤੇ ਲੋਕ ਪੱਖੀ ਪੱਤਰਕਾਰੀ ਦਾ ਪੱਲਾ ਨਹੀਂ ਸੀ ਛੱਡਿਆ। ਇਸ ਸਮੇਂ ਦੌਰਾਨ ਉਨ੍ਹਾਂ ਦੀ ਆਮ ਲੋਕਾਂ ਤੋਂ ਲੈ ਕੇ ਅਫਸਰਾਂ, ਵਿਧਾਇਕਾਂ, ਮੰਤਰੀਆਂ, ਮੁੱਖ ਮੰਤਰੀਆਂ, ਸਨਅਤਕਾਰਾਂ ਅਤੇ ਹੋਰ ਅਨੇਕਾਂ ਰਸੂਖਵਾਨਾਂ ਤਕ ਨੇੜੇ ਦੀ ਰਸਾਈ ਰਹੀ ਹੈ ਪਰ ਉਨ੍ਹਾਂ ਕਦੇ ਵੀ ਕਿਸੇ ਨੂੰ ਪੱਤਰਕਾਰੀ ਦੀ ਆੜ ਵਿਚ ਆਪਣੇ ਨਿੱਜੀ ਮੁਫ਼ਾਦਾਂ ਲਈ ਨਹੀਂ ਵਰਤਿਆ। ਇਸ ਗੱਲ ਦੀ ਸ਼ਾਹਦੀ ਉਨ੍ਹਾਂ ਦੇ ਜੀਵਨ ਦੇ ਆਖ਼ਰੀ ਸਾਹਾਂ ਤਕ ਕਾਇਮ ਰਹੀ। ਸਾਦਾ ਜੀਵਨ ਜਾਚ, ਨਾ ਕੋਈ ਕੋਠੀ, ਨਾ ਕੋਈ ਕਾਰ, ਨਾ ਸਕੂਟਰ ਅਤੇ ਨਾ ਕੋਈ ਬੈਂਕ ਬੈਲੈਂਸ ਦਾ ਹੋਣਾ ਇਸੇ ਦੀ ਹਾਮੀ ਭਰਦਾ ਹੈ। ਜਗਤਾਰ ਜੀ ਨੇ ਹਮੇਸ਼ਾ ਪੱਤਰਕਾਰੀ ਦੀਆਂ ਉੱਚੀਆਂ-ਸੁੱਚੀਆਂ ਅਤੇ ਨਰੋਈਆਂ ਕਦਰਾਂ-ਕੀਮਤਾਂ ਉੱਤੇ ਪਹਿਰਾ ਦਿੱਤਾ। ਲੋਕ ਲਹਿਰਾਂ, ਜਨਤਕ ਸੰਘਰਸ਼ਾਂ, ਮੁਲਾਜ਼ਮਾਂ-ਮਜ਼ਦੂਰਾਂ, ਵਿਦਿਆਰਥੀਆਂ ਅਤੇ ਗ਼ਰੀਬ ਵਰਗਾਂ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਜਗਤਾਰ ਦੀਆਂ ਖ਼ਬਰਾਂ ਦਾ ਕੇਂਦਰ ਬਿੰਦੂ ਰਹੀਆਂ। ਉਨ੍ਹਾਂ ਹਮੇਸ਼ਾ ਬੇਲਾਗ਼, ਬੇਖ਼ੌਫ ਅਤੇ ਅਸੂਲਾਂ ਦੇ ਪਾਬੰਦ ਰਹਿ ਕੇ ਪੱਤਰਕਾਰੀ ਧਰਮ ਨੂੰ ਨਿਭਾਇਆ। ਆਰਥਿਕ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਕਿਸੇ ਸਰਕਾਰ, ਸਿਆਸੀ ਆਗੂ, ਅਧਿਕਾਰੀ ਜਾਂ ਰਸੂਖ਼ਵਾਨ ਸ਼ਖ਼ਸ ਤੋਂ ਮਾਇਆ ਦੇ ਗੱਫੇ, ਮਾਣ-ਸਨਮਾਨ ਦੀ ਝਾਕ ਨਹੀਂ ਰੱਖੀ।
ਇਮਾਨਦਾਰੀ, ਪਾਰਦਸ਼ਤਾ, ਭਾਸ਼ਾਈ ਸੁਹੱਪਣ, ਤੱਥਾਂ ਦੀ ਸਚਾਈ ਅਤੇ ਨਿਰਪੱਖਤਾ ਜਗਤਾਰ ਦੀ ਪੱਤਰਕਾਰੀ ਦੇ ਮੀਰੀ ਗੁਣ ਸਨ। ਸਾਫ਼-ਸੁਥਰੀ ਪੱਤਰਕਾਰੀ ਤੋਂ ਇਲਾਵਾ ਜਗਤਾਰ ਜੀ ਲੋਕ ਪੱਖੀ ਆਗੂ ਅਤੇ ਵਰਕਰ ਵਜੋਂ ਵੀ ਵਿਚਰਦੇ ਰਹੇ। ਉਹ ਪੰਜਾਬ ਕਿਸਾਨ ਸਭਾ ਦੇ ਸਰਗਰਮ ਆਗੂ ਰਹੇ। ਪੰਜਾਬੀ ਸਾਹਿਤ ਸਭਾ, ਲਿਖਾਰੀ ਸਭਾ ਬਰਨਾਲਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਵੀ ਰਹੇ। ਉਨ੍ਹਾਂ ਬਰਨਾਲੇ ਦੀਆਂ ਉੱਘੀਆਂ ਸਮਾਜ ਸੇਵੀ ਸੰਸਥਾਵਾਂ- ਭਗਤ ਮੋਹਨ ਲਾਲ ਸੇਵਾ ਸਮਿਤੀ, ਰਾਮ ਬਾਗ਼ ਕਮੇਟੀ ਅਤੇ ਅਪਾਹਜ ਗਊ ਸੇਵਾ ਆਸ਼ਰਮ ਦੀਆਂ ਸਰਗਰਮੀਆਂ ਵਿਚ ਵੀ ਵਧ-ਚੜ੍ਹ ਕੇ ਯੋਗਦਾਨ ਪਾਇਆ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਚੱਲੀਆਂ ਲਗਭਗ ਸਾਰੀਆਂ ਲੋਕ ਲਹਿਰਾਂ ਵਿਚ ਉਹ ਸਰਗਰਮ ਭੂਮਿਕਾ ਨਿਭਾਉਂਦੇ ਰਹੇ। 1959 ਦੇ ਖ਼ੁਸ਼-ਹੈਸੀਅਤ ਟੈਕਸ ਮੋਰਚੇ ਸਮੇਂ ਉਨ੍ਹਾਂ ਗੁਪਤ ਰਹਿ ਕੇ ਬਹੁਤ ਕੰਮ ਕੀਤਾ। ਜਿ਼ਕਰਯੋਗ ਹੈ ਕਿ 1957 ਵਿਚ 9ਵੀਂ ਜਮਾਤ ਵਿਚ ਪੜ੍ਹਦਿਆਂ ਹੀ ਉਨ੍ਹਾਂ ਨੂੰ ਦਲ-ਬਦਲੀ ਕਰ ਕੇ ਬਣੇ ਕਾਂਗਰਸੀ ਵਜ਼ੀਰ ਸੰਪੂਰਨ ਸਿੰਘ ਧੌਲ਼ਾ ਦੇ ਪਿੰਡ ਦਾਨਗੜ੍ਹ ਵਿਖੇ ਰੱਖੇ ਸਿਆਸੀ ਜਲਸੇ ਵਿਚ ਭੰਗ ਪਾਉਣ ਦੇ ਕੇਸ ਵਿਚ ਹੋਰ 12 ਜਣਿਆਂ ਸਮੇਤ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਚਲਾਇਆ ਗਿਆ। ਇਸ ਕੇਸ ਨੇ ਹੀ ਉਨ੍ਹਾਂ ਨੂੰ ਲੋਕ ਹਿੱਤਾਂ ਲਈ ਲਿਖਣ, ਬੋਲਣ, ਪੜ੍ਹਨ ਅਤੇ ਖੜ੍ਹਨ ਦਾ ਪਹਿਲਾ ਪਾਠ ਸਿਖਾਇਆ ਜਿਸ ਉੱਤੇ ਉਨ੍ਹਾਂ ਜੀਵਨ ਦੇ ਅੰਤ ਤਕ ਪਹਿਰਾ ਦਿੱਤਾ।
ਜਗਤਾਰ ਜੀ ਦਾ ਪੱਤਰਕਾਰੀ ਅਤੇ ਸਮੁੱਚਾ ਜੀਵਨ ਮੌਜੂਦਾ ਦੌਰ ਦੇ ਇਤਿਹਾਸ ਵਿਚ ਚਾਨਣ ਮੁਨਾਰਾ ਹੈ। ਸਾਦ-ਮੁਰਾਦੀ ਰਹਿਣੀ ਵਾਲਾ ਇਹ ਲੋਕ ਪੱਖੀ ਫ਼ਕੀਰ ਪੱਤਰਕਾਰ 26 ਮਾਰਚ 2024 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। 4 ਅਪਰੈਲ ਨੂੰ ਬਰਨਾਲਾ ਵਿਖੇ ਜਗੀਰ ਸਿੰਘ ਜਗਤਾਰ ਜੀ ਨੂੰ ਉਸ ਦੇ ਸਾਕ-ਸਬੰਧੀਆਂ ਅਤੇ ਸਨੇਹੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।
ਸੰਪਰਕ: 97800-36137