Jagdish Tytler: 1984 ਸਿੱਖ ਵਿਰੋਧੀ ਦੰਗੇ: ਟਾਈਟਲਰ ਖ਼ਿਲਾਫ਼ 9 ਦਸੰਬਰ ਨੂੰ ਸੁਣਵਾਈ ਕਰੇਗੀ ਅਦਾਲਤ
ਨਵੀਂ ਦਿੱਲੀ, 2 ਦਸੰਬਰ
1984 anti-Sikh riots: ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੰਗਿਆਂ ਦੇ ਮਾਮਲੇ ਵਿਚ ਦੋ ਸਾਬਕਾ ਪੁਲੀਸ ਅਧਿਕਾਰੀਆਂ ਦੇ ਗਵਾਹ ਵਜੋਂ ਬਿਆਨ ਦਰਜ ਕਰਨ ਲਈ 9 ਦਸੰਬਰ ਦੀ ਤਰੀਕ ਨਿਰਧਾਰਿਤ ਕੀਤੀ ਹੈ।
ਸੀਬੀਆਈ ਦੇ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਸਬੰਧੀ ਗਵਾਹ ਅੱਜ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੇ ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ। ਇਹ ਵੀ ਦੱਸਣਾ ਬਣਦਾ ਹੈ ਕਿ ਅਦਾਲਤ ਨੇ 23 ਨਵੰਬਰ ਨੂੰ ਗਵਾਹਾਂ ਰਵੀ ਸ਼ਰਮਾ ਅਤੇ ਧਰਮ ਚੰਦ ਨੂੰ ਤਲਬ ਕੀਤਾ ਸੀ। ਇਸ ਮਾਮਲੇ ਸਬੰਧੀ ਟਾਈਟਲਰ ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਏ। ਇਹ ਮਾਮਲਾ 1984 ਵਿੱਚ ਕੌਮੀ ਰਾਜਧਾਨੀ ਦੇ ਗੁਰਦੁਆਰਾ ਪੁਲ ਬੰਗਸ਼ ਵਿੱਚ ਤਿੰਨ ਸਿੱਖਾਂ ਦੀ ਹੱਤਿਆ ਨਾਲ ਸਬੰਧਤ ਹੈ। ਇਸ ਮਾਮਲੇ ਸਬੰਧੀ ਅਦਾਲਤ ਨੇ 12 ਨਵੰਬਰ ਨੂੰ ਬਾਦਲ ਸਿੰਘ ਦੀ ਵਿਧਵਾ ਲਖਵਿੰਦਰ ਕੌਰ ਦੇ ਬਿਆਨ ਦਰਜ ਕੀਤੇ ਸਨ ਜਿਸ ਨੂੰ ਦੰਗਿਆਂ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਚ ਮਾਰ ਦਿੱਤਾ ਗਿਆ ਸੀ।