For the best experience, open
https://m.punjabitribuneonline.com
on your mobile browser.
Advertisement

ਟਾਕ ਸ਼ੋਅ ਦਾ ਮੇਜ਼ਬਾਨ ਬਣਿਆ ਜਗਦੀਪ ਸਿੱਧੂ

11:03 AM Jun 08, 2024 IST
ਟਾਕ ਸ਼ੋਅ ਦਾ ਮੇਜ਼ਬਾਨ ਬਣਿਆ ਜਗਦੀਪ ਸਿੱਧੂ
Advertisement

ਸ਼ੀਤਲ

‘ਕਿਸਮਤ’, ‘ਮੋਹ’ ਤੇ ‘ਸੁਫ਼ਨਾ’ ਵਰਗੀਆਂ ਰੁਮਾਂਟਿਕ ਫਿਲਮਾਂ ਨਾਲ ਪੰਜਾਬੀ ਫਿਲਮ ਜਗਤ ’ਚ ਆਪਣੀ ਖ਼ਾਸ ਥਾਂ ਬਣਾਉਣ ਵਾਲਾ ਜਗਦੀਪ ਸਿੱਧੂ ਹੁਣ ਮੇਜ਼ਬਾਨ ਬਣਿਆ ਨਜ਼ਰ ਆਵੇਗਾ। ਹਾਲੀਆ ਰਿਲੀਜ਼ ਹਿੰਦੀ ਫਿਲਮ ‘ਸ੍ਰੀਕਾਂਤ’ ਵੀ ਉਸ ਨੇ ਹੀ ਲਿਖੀ ਹੈ। ਰਾਜਕੁਮਾਰ ਰਾਓ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਇੰਨਾ ਸਭ ਕਰਨ ਤੋਂ ਬਾਅਦ ਜਗਦੀਪ ਸਿੱਧੂ ਹੁਣ ਕੈਮਰੇ ਦਾ ਸਾਹਮਣਾ ਕਰਨ ਲਈ ਤਿਆਰ ਹੈ। ਕੈਮਰੇ ਤੋਂ ਝਿਜਕਣ ਵਾਲਾ ਇਹ ਨਿਰਦੇਸ਼ਕ ਫਿਲਮਾਂ ਦੇ ਪ੍ਰਚਾਰ ਦੌਰਾਨ ਆਹਮੋ-ਸਾਹਮਣੇ ਹੁੰਦੀ ਗੱਲਬਾਤ ਦੌਰਾਨ ਅਕਸਰ ਲੋੜੋਂ ਘੱਟ ਹੀ ਬੋਲਦਾ ਹੈ, ਪਰ ਹੁਣ ਉਹ ਆਪਣੇ ਸੈਲੇਬ੍ਰਿਟੀ ਟਾਕ ਸ਼ੋਅ ‘ਦਿ ਜਗਦੀਪ ਸਿੱਧੂ ਸ਼ੋਅ’ ਦੀ ਮੇਜ਼ਬਾਨੀ ਕਰਦਾ ਨਜ਼ਰ ਆਵੇਗਾ।
ਸਿੱਧੂ ਹਮੇਸ਼ਾ ਤੋਂ ਆਪਣਾ ਟਾਕ ਸ਼ੋਅ ਕਰਨ ਦੀ ਇੱਛਾ ਰੱਖਦਾ ਸੀ ਪਰ ਉਸ ਨੂੰ ਇਸ ਦਾ ਸਹੀ ਢੰਗ ਨਹੀਂ ਸੁੱਝ ਰਿਹਾ ਸੀ। ਜਦੋਂ ਸਮਾਂ ਆਇਆ ਤਾਂ ‘ਪਿਟਾਰਾ ਟੀਵੀ’ ਨੇ ਉਸ ਤੱਕ ਇੱਕ ਟਾਕ ਸ਼ੋਅ ਨਾਲ ਪਹੁੰਚ ਕੀਤੀ। ਸਿੱਧੂ ਅਜਿਹਾ ਮੰਚ ਮਿਲਣ ’ਤੇ ਖ਼ੁਸ਼ ਸੀ। ਉਸ ਨੇ ਕਿਹਾ, ‘‘ਮੈਂ ਹਮੇਸ਼ਾ ਟਾਕ ਸ਼ੋਅ ਦੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ। ਮੈਂ ਕਰਨ ਜੌਹਰ ਤੇ ਰੋਹਿਤ ਸ਼ੈੱਟੀ ਨੂੰ ਭਾਸ਼ਾ ’ਤੇ ਪਕੜ ਤੇ ਕੈਮਰੇ ਨਾਲ ਖੇਡਦਿਆਂ ਤੱਕਿਆ ਹੈ। ਮੈਂ ਟਾਕ ਸ਼ੋਅ ਵਰਗੀ ਹੀ ਕਿਸੇ ਚੀਜ਼ ’ਤੇ ਕੰਮ ਕਰ ਕੇ ਇਸ ਨੂੰ ਯੂਟਿਊਬ ’ਤੇ ਪਾਉਣ ਬਾਰੇ ਸੋਚਿਆ ਸੀ ਪਰ ਕਦੇ ਸਮਾਂ ਨਹੀਂ ਮਿਲ ਸਕਿਆ। ਪਰ ਸ਼ੁਕਰ ਹੈ ਕਿ ਹੁਣ ਮੇਰੇ ਕੋਲ ਸਮਾਂ ਹੈ, ਸਾਧਨ ਵੀ ਹਨ ਤੇ ਕਰਨ ਲਈ ਮੰਚ ਵੀ ਹੈ।’’
‘ਕਿਸਮਤ’ ਦਾ ਨਿਰਦੇਸ਼ਕ ਆਪਣਾ ਪਹਿਲਾ ਐਪੀਸੋਡ ਰਿਕਾਰਡ ਕਰਨ ਨੂੰ ਲੈ ਕੇ ਉਤਸੁਕ ਹੋਣ ਦੇ ਨਾਲ-ਨਾਲ ਬੇਚੈਨ ਵੀ ਹੈ। ਸ਼ੋਅ ਲਈ ਉਨ੍ਹਾਂ ਦਸ ਐਪੀਸੋਡ ਬਣਾਉਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਇੱਕ-ਇੱਕ ਘੰਟੇ ਦੇ ਹੋਣਗੇ ਤੇ ਇਹ ਛੇ ਜੁਲਾਈ ਤੋਂ ਹਰ ਸ਼ਨਿਚਰਵਾਰ 7 ਵਜੇ ‘ਪਿਟਾਰਾ ਟੀਵੀ’ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ। ਸਿੱਧੂ ਨੇ ਦੱਸਿਆ, ‘‘ਮੈਂ ਲੱਲਨਟੌਪ ’ਤੇ ਸੌਰਭ ਦਿਵੇਦੀ ਦਾ ਸ਼ੋਅ ਦੇਖਦਾ ਰਿਹਾ ਹਾਂ ਤੇ ਉਹ ਮੇਰੇ ਪਿਆਰੇ ਦੋਸਤ ਵੀ ਹਨ। ਮੈਨੂੰ ਉਮੀਦ ਹੈ ਕਿ ਸਰੋਤਿਆਂ ਨੂੰ ਸ਼ੋਅ ਮਨੋਰੰਜਕ ਲੱਗੇਗਾ ਕਿਉਂਕਿ ਮੈਂ ਪ੍ਰਸਿੱਧ ਪੰਜਾਬੀ ਹਸਤੀਆਂ ਦਾ ਇੱਕ ਵੱਖਰਾ ਪਾਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਅਸੀਂ ਉਨ੍ਹਾਂ ਦੇ ਮਸ਼ਹੂਰ ਹੋਣ ਤੋਂ ਪਹਿਲਾਂ ਦੇ ਸਫ਼ਰ ’ਤੇ ਗੱਲ ਕੀਤੀ ਹੈ।’’ ਅਕਸਰ ਟਾਕ ਸ਼ੋਅ ਫਿਲਮ ਅਭਿਨੇਤਾ ਤੇ ਨਿਰਦੇਸ਼ਕ ਦੀ ਕਿਸੇ ਫਿਲਮ ਜਾਂ ਹੋਰ ਪ੍ਰਾਜੈਕਟ ਦੇ ਪ੍ਰਚਾਰ ਦਾ ਮਾਧਿਅਮ ਜਿਹਾ ਬਣ ਕੇ ਰਹਿ ਜਾਂਦੇ ਹਨ, ਪਰ ਸਿੱਧੂ ਮੁਤਾਬਕ ਇਹ ਸ਼ੋਅ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਤੇ ਕਲਾਕਾਰਾਂ ਦੇ ਪਰਦੇ ਵਾਲੇ ਕਿਰਦਾਰ ਤੋਂ ਅੱਗੇ ਜਾਣ ਦੀ ਕੋਸ਼ਿਸ਼ ਹੋਵੇਗੀ।
ਸ਼ੋਅ ਲਈ, ਸਿੱਧੂ ਦੀ ਜਾਣ-ਪਛਾਣ ਤੇ ਫਿਲਮ ਸਨਅਤ ’ਚ ਹਰੇਕ ਨਾਲ ਉਸ ਦਾ ਮੇਲ-ਜੋਲ ਵੀ, ਉਸ ਦੇ ਪੱਖ ਵਿੱਚ ਹੈ। ‘ਮੇਰਾ ਤਾਲਮੇਲ ਸਾਰਿਆਂ ਨਾਲ ਵਧੀਆ ਹੈ। ਫਿਲਮ ਸਨਅਤ ਦੇ ਕਈ ਲੋਕ ਅਕਸਰ ਮੇਰੇ ਕੋਲ ਸਲਾਹ ਲੈਣ ਆਉਂਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਦੂਜੇ ਬੰਦੇ ਨੂੰ ਆਪਣੇ ਨਾਲ ਬੈਠਿਆਂ ਸੌਖਾ ਮਹਿਸੂਸ ਕਰਾਉਂਦਾ ਹਾਂ। ਇਸ ਲਈ ਆਸ ਹੈ ਕਿ ਇਹ ਚੀਜ਼ ਨਵੇਂ ਟਾਕ ਸ਼ੋਅ ’ਚ ਮੇਰੀ ਤਾਕਤ ਬਣੇਗੀ, ਜੋ ਕਿ ਗੇਮਾਂ-ਟਾਸਕਾਂ ਤੱਕ ਸੀਮਤ ਨਾ ਹੋ ਕੇ, ਅਦਾਕਾਰ ਤੇ ਨਿਰਦੇਸ਼ਕ ਦੇ ਸਫ਼ਰ ਅਤੇ ਹੋਰ ਵਿਸ਼ਿਆਂ ਬਾਰੇ ਜ਼ਿਆਦਾ ਹੋਵੇਗਾ, ਜਿਨ੍ਹਾਂ ਨੂੰ ਜ਼ਿਆਦਾਤਰ ਨਹੀਂ ਛੂਹਿਆ ਜਾਂਦਾ। ਸਿੱਧੂ ਨੂੰ ਇਸ ਗੱਲ ਦੀ ਖ਼ੁਸ਼ੀ ਵੀ ਹੈ ਤੇ ਮਾਣ ਵੀ ਕਿ ਅਦਾਕਾਰ ਜਗਜੀਤ ਸੰਧੂ ਉਸ ਦੇ ਮਹਿਮਾਨਾਂ ਦੀ ਸੂਚੀ ਵਿੱਚ ਹੈ ਕਿਉਂਕਿ ਪ੍ਰਸ਼ੰਸਕਾਂ ਦੇ ਦੇਖਣ ਲਈ ਜਗਜੀਤ ਦੀਆਂ ਹਾਲੇ ਬਹੁਤੀਆਂ ਇੰਟਰਵਿਊਜ਼ ਮੌਜੂਦ ਨਹੀਂ ਹਨ।
ਹਾਲਾਂਕਿ ਸ਼ੁਰੂਆਤ ’ਚ ਜਗਦੀਪ ਸਿੱਧੂ ਨੇ ਮੁੰਬਈ ’ਚ ਸੰਘਰਸ਼ ਕੀਤਾ ਤੇ ਨਾਲ-ਨਾਲ ਬੌਲੀਵੁੱਡ ’ਚ ਕੰਮ ਵੀ ਕੀਤਾ ਪਰ ਉਸ ਨੂੰ ਲੱਗਦਾ ਹੈ ਕਿ ‘ਜੱਟ ਐਂਡ ਜੂਲੀਅਟ’, ‘ਮੇਲ ਕਰਾਦੇ ਰੱਬਾ’ ਤੇ ‘ਚੱਲ ਮੇਰਾ ਪੁੱਤ’ ਜਿਹੀਆਂ ਫਿਲਮਾਂ ਨੇ ਉਸ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ ਅਤੇ ਪੰਜਾਬੀ ਫਿਲਮ ਜਗਤ ’ਚ ਕੰਮ ਕਰਨ ਦੀ ਇੱਛਾ ਜਗਾਈ। ਉਹ ਦਿਲਜੀਤ ਦੋਸਾਂਝ ਨਾਲ ‘ਜੱਟ ਐਂਡ ਜੂਲੀਅਟ 3’ ਕਰ ਕੇ ਖ਼ੁਸ਼ ਹੈ। ‘‘ਮੈਂ ਹਮੇਸ਼ਾ ਤੋਂ ਅਨੁਰਾਗ ਸਿੰਘ ਨਾਲ ਕੰਮ ਕਰਨ ਦਾ ਚਾਹਵਾਨ ਸੀ ਪਰ ਇਹ ਹੋ ਨਹੀਂ ਸਕਿਆ। ਹੁਣ ਮੈਨੂੰ ਖ਼ੁਸ਼ੀ ਹੈ ਕਿ ਮੈਂ ਇਸ ਦੀ ਤੀਜੀ ਕੜੀ ਦਾ ਨਿਰਦੇਸ਼ਨ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਮੈਂ ਅਨੁਰਾਗ ਦੀ ਇਸ ਫਿਲਮ ਫਰੈਂਚਾਈਜ਼ ਨਾਲ ਇਨਸਾਫ਼ ਕੀਤਾ ਹੈ। ਇਹ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ।’’ ਸਿੱਧੂ ਫਿਲਹਾਲ ਹਾਲ ਹੀ ’ਚ ਥੀਏਟਰਾਂ ਵਿੱਚ ਰਿਲੀਜ਼ ਹੋਈ ਫਿਲਮ ‘ਸ੍ਰੀਕਾਂਤ’ ਦੇ ਸਹਿ-ਲੇਖਕ ਵਜੋਂ ਪ੍ਰਸ਼ੰਸਾ ਖੱਟ ਰਿਹਾ ਹੈ। ‘‘ਮੈਂ ਇੱਕ ਫਿਲਮ ਲਈ ਐਨੇ ਚੰਗੇ ਵਿਸ਼ੇ ’ਤੇ ਆਪਣੇ ਦੋਸਤ ਤੇ ਸਹਿ-ਲੇਖਕ ਸੁਮਿਤ ਪੁਰੋਹਿਤ ਨਾਲ ਕੰਮ ਕਰ ਕੇ ਖ਼ੁਸ਼ ਹਾਂ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਰਾਜਕੁਮਾਰ ਰਾਓ ਨੇ ਫਿਲਮ ਵਿੱਚ ਇੱਕ ਨੇਤਰਹੀਣ ਵਿਅਕਤੀ ਦੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ ਹੈ। ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਨਾਲ ਇਸ ਤੋਂ ਪਹਿਲਾਂ ਮੈਂ ‘ਸਾਂਢ ਕੀ ਆਂਖ’ ਵਿੱਚ ਕੰਮ ਕੀਤਾ ਸੀ, ਜਿਸ ਦੇ ਮੈਂ ਸੰਵਾਦ (ਡਾਇਲਾਗ) ਲਿਖੇ ਸਨ। ਮੈਨੂੰ ਖ਼ੁਸ਼ੀ ਹੈ ਕਿ ਜਦ ਉਸ ਨੇ ਆਪਣੀ ਦੂਜੀ ਫਿਲਮ ਨਿਰਦੇਸ਼ਿਤ ਕੀਤੀ, ਤਾਂ ਇਸ ਨੂੰ ਲਿਖਣ ਲਈ ਮੈਨੂੰ ਚੁਣਿਆ।’’ ਨਿਰਦੇਸ਼ਕ-ਲੇਖਕ ਦੀ ਇਹ ਜੋੜੀ ਇੱਕ ਹੋਰ ਵੱਡੀ ਬੌਲੀਵੁੱਡ ਫਿਲਮ ਲਿਖ ਰਹੀ ਹੈ।
ਸਿੱਧੂ ਨੇ ਮੰਨਿਆ ਕਿ ਪਿਛਲੇ ਸਾਲ ਉਸ ਨੇ ਘੱਟ ਹੀ ਕੰਮ ਕੀਤਾ ਹੈ ਪਰ ਇਸ ਸਾਲ ਅਗਸਤ-ਸਤੰਬਰ ਤੋਂ ਪਹਿਲਾਂ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਲਈ ਸਮਾਂ ਕੱਢਣਾ ਵੀ ਮੁਸ਼ਕਿਲ ਹੋਵੇਗਾ। ਸਿੱਧੂ ‘ਨਿੱਕਾ ਜ਼ੈਲਦਾਰ 4’ ਦੇ ਅਗਲੇ ਹਿੱਸੇ ਦੀ ਤਿਆਰੀ ਵੀ ਕਰ ਰਿਹਾ ਹੈ। ਉਸ ਦੀਆਂ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ‘ਕਿਸਮਤ’ ਹੈ ਜੋ ‘ਨਿੱਕਾ ਜ਼ੈਲਦਾਰ’ ਵਾਂਗ ਹੀ ਇੱਕ ਤੋਂ ਵੱਧ ਹਿੱਸਿਆਂ ਵਿੱਚ ਬਣ ਚੁੱਕੀ ਹੈ। ਨਿਰਦੇਸ਼ਕ ਮਹਿਸੂਸ ਕਰਦਾ ਹੈ ਕਿ ਭਾਵੇਂ ਉਹ ਇਸ ਫਿਲਮ ਦੇ ਵਿਸ਼ੇ ਨਾਲ ਕਾਫ਼ੀ ਜੁੜਾਅ ਮਹਿਸੂਸ ਕਰਦਾ ਹੈ, ਪਰ ਸਰੋਤਿਆਂ ਨੂੰ ‘ਕਿਸਮਤ 3’ ਦੇਣ ਤੋਂ ਬਾਅਦ ਉਹ ਇਸ ਫਰੈਂਚਾਈਜ਼ ਨੂੰ ਕਿਸੇ ਹੋਰ ਨਿਰਦੇਸ਼ਕ ਵਾਸਤੇ ਛੱਡਣ ਲਈ ਤਿਆਰ ਹੈ, ਜੋ ਭਵਿੱਖ ਵਿੱਚ ਇਸ ਨੂੰ ਆਪਣੇ ਮੁਤਾਬਕ ਢਾਲ ਸਕੇ।
ਸਿੱਧੂ ਆਪਣੇ ਵਿਹਲੇ ਸਮੇਂ ਵਿੱਚ ਕਢਾਈ ਕਰਨਾ ਪਸੰਦ ਕਰਦੇ ਹਨ। ਉਹ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀ ਰਹਿ ਚੁੱਕੇ ਹਨ ਤੇ ਭਾਵੇਂ ਇਸ ਕਿੱਤੇ ਨਾਲੋਂ ਟੁੱਟ ਚੁੱਕੇ ਹਨ, ਪਰ ਕਢਾਈ ਉਨ੍ਹਾਂ ਨੂੰ ਸਕੂਨ ਦਿੰਦੀ ਹੈ।’
‘ਬਿੱਲੀਆਂ ਰੱਖਣ ਦਾ ਸ਼ੌਕੀ
ਸਿੱਧੂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਕੋਈ ਪਾਲਤੂ ਜਾਨਵਰ ਰੱਖ ਸਕਦਾ ਹੈ। ਉਹ ਦੱਸਦਾ ਹੈ, ‘‘ਮੇਰੀ ਬੇਟੀ ਬਗੀਚੇ ’ਚੋਂ ਬਿੱਲੀ ਦੇ ਬੱਚੇ ਚੁੱਕ ਕੇ ਘਰ ਲੈ ਆਈ ਕਿਉਂਕਿ ਉਨ੍ਹਾਂ (ਬੱਚਿਆਂ) ਦੀ ਮਾਂ ਮਰ ਗਈ ਸੀ। ਮੈਨੂੰ ਯਾਦ ਹੈ ਕਿ ਅਸੀਂ ਸੋਚਦੇ ਸੀ ਕਿ ਬਾਰਸ਼ਾਂ ਤੋਂ ਬਾਅਦ ਅਸੀਂ ਇਨ੍ਹਾਂ ਨੂੰ ਵਾਪਸ ਰੱਖ ਆਵਾਂਗੇ, ਫੇਰ ਸੋਚਿਆ ਕਿ ਸਰਦੀਆਂ ਤੋਂ ਬਾਅਦ ਰੱਖ ਆਵਾਂਗੇ ਤੇ ਮਗਰੋਂ ਉਹ ਸਾਡੇ ਪਰਿਵਾਰ ਦੇ ਮੈਂਬਰ ਹੀ ਬਣ ਗਏ। ਜਦਕਿ ਹੁਣ ਮੈਂ ਕਹਿ ਸਕਦਾ ਹਾਂ ਕਿ ਮੈਂ ਜ਼ਿੰਦਗੀ ਭਰ ਲਈ ਬਿੱਲੀਆਂ ’ਚ ਰਹਿਣਾ ਪਸੰਦ ਕਰਾਂਗਾ।’’

Advertisement

Advertisement
Author Image

sukhwinder singh

View all posts

Advertisement
Advertisement
×