ਕੀਮਤੀ ਵਸਤਾਂ ਤਬਦੀਲ ਕਰਨ ਲਈ ਜਗਨਨਾਥ ਮੰਦਰ ਦਾ ਰਤਨ ਭੰਡਾਰ ਮੁੜ ਖੋਲ੍ਹਿਆ
ਪੁਰੀ, 18 ਜੁਲਾਈ
ਪੁਰੀ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਰ ਦੇ ਖਜ਼ਾਨੇ ਰਤਨ ਭੰਡਾਰ ਵਿੱਚ ਰੱਖੀਆਂ ਹੋਈਆਂ ਕੀਮਤੀ ਵਸਤਾਂ ਨੂੰ ਇਕ ਅਸਥਾਈ ਸਟਰੌਂਗ ਰੂਮ ਵਿੱਚ ਤਬਦੀਲ ਕਰਨ ਵਾਸਤੇ ਵੀਰਵਾਰ ਨੂੰ ਇਹ ਰਤਨ ਭੰਡਾਰ ਮੁੜ ਖੋਲ੍ਹਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖਜ਼ਾਨੇ ਨੂੰ ਸਵੇਰੇ 9.51 ਵਜੇ ਮੁੜ ਖੋਲ੍ਹਿਆ ਗਿਆ। ਭਗਵਾਨ ਜਗਨਨਾਥ ਅਤੇ ਉਨ੍ਹਾਂ ਦੇ ਭਰਾ-ਭੈਣ ਦੀ ਪੂਜਾ ਕਰਨ ਤੋਂ ਬਾਅਦ, ਰਤਨ ਭੰਡਾਰ ’ਚੋਂ ਕੀਮਤੀ ਵਸਤਾਂ ਤਬਦੀਲ ਕਰਨ ਲਈ ਉੜੀਸਾ ਸਰਕਾਰ ਵੱਲੋਂ ਗਠਿਤ ਸੁਪਰਵਾਈਜ਼ਰੀ ਕਮੇਟੀ ਦੇ ਮੈਂਬਰ ਸਵੇਰੇ ਕਰੀਬ 9 ਵਜੇ ਮੰਦਰ ’ਚ ਦਾਖ਼ਲ ਹੋਏ। ਮੰਦਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਸੁਪਰਵਾਈਜ਼ਰੀ ਕਮੇਟੀ ਦੇ ਪ੍ਰਧਾਨ ਤੇ ਉੜੀਸਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਵਿਸ਼ਵਨਾਥ ਰਥ ਨੇ ਕਿਹਾ, ‘‘ਅਸੀਂ ਭਗਵਾਨ ਜਗਨਨਾਥ ਕੋਲੋਂ ਰਤਨ ਭੰਡਾਰ ਦੇ ਅੰਦਰਲੇ ਚੈਂਬਰ ਵਿੱਚ ਰੱਖੀਆਂ ਕੀਮਤੀ ਵਸਤਾਂ ਤਬਦੀਲ ਕਰਨ ਲਈ ਆਸ਼ੀਰਵਾਦ ਮੰਗਿਆ ਹੈ।’’ ਇਸ ਤੋਂ ਪਹਿਲਾਂ, 46 ਸਾਲਾਂ ਬਾਅਦ 14 ਜੁਲਾਈ ਨੂੰ ਰਤਨ ਭੰਡਾਰ ਖੋਲ੍ਹਿਆ ਗਿਆ ਸੀ। -ਪੀਟੀਆਈ