ਜਗਨਬੀਰ ਨੇ ‘ਡਰੈਗਨ ਬੋਟ ਵਿਸ਼ਵ ਕੱਪ’ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਇੰਡੀਅਨ ਕਾਯਾਕਿੰਗ ਕੈਨੋਇੰਗ ਐਸੋਸੀਏਸ਼ਨ ਦੀ ਡਰੈਗਨ ਬੋਟ ਟੀਮ ਦੇ ਮੈਂਬਰ ਜਗਨਬੀਰ ਸਿੰਘ ਬਾਜਵਾ ਨੇ ਚੀਨ ਦੇ ਯੀਚਾਂਗ ਵਿੱਚ ਹੋਏ 2023 ਆਈਸੀਐਫ ਡਰੈਗਨ ਬੋਟ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਚੀਨ ਵਿੱਚ ਹੋਏ ਵਿਸ਼ਵ ਕੱਪ ਵਿੱਚ ਟੀਮ ਦਾ ਸਭ ਤੋਂ ਨੌਜਵਾਨ ਮੈਂਬਰ ਹੋਣ ਦੇ ਬਾਵਜੂਦ ਉਸ ਨੇ ਭਾਰਤ ਦੀ ਅਗਵਾਈ ਕੀਤੀ ਅਤੇ ਸੀਨੀਅਰ ਵਰਗ ਦੇ ਮੁਕਾਬਲੇ ਵਿੱਚ ਮਾਅਰਕਾ ਮਾਰਿਆ। ਜਗਨਬੀਰ ਨੇ ਇਹ ਤਗਮਾ ਡੀ-8-500 ਮੀਟਰ (ਪੁਰਸ਼ ਵਰਗ) ਵਿੱਚ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਅੱਠ ਜਣਿਆਂ ਵਿੱਚ ਮੁਕਾਬਲਾ ਹੋਇਆ ਜਿਨ੍ਹਾਂ ਵਿੱਚੋਂ ਸੱਤ ਪੰਜਾਬ ਜਦਕਿ ਇੱਕ ਹਰਿਆਣਾ ਤੋਂ ਸੀ। ਜਗਨਬੀਰ ਸਿੰਘ ਐੱਸਡੀ ਕਾਲਜ ਚੰਡੀਗੜ੍ਹ ਵਿੱਚ ਪੜ੍ਹਦਾ ਹੈ। ਜਗਨਬੀਰ ਸਿੰਘ ਦੇ ਕੋਚ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਉਸ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ।
ਉਸ ਨੇ ਬਹੁਤ ਤੇਜ਼ੀ ਨਾਲ ਪੈਡਲ ਮਾਰੇ ਅਤੇ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਆਉਣ ਵਾਲੇ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਨਾਂ ਰੌਸ਼ਨ ਕਰੇਗਾ। ਜਗਨਬੀਰ ਸਿੰਘ ਨੇ ਆਪਣੀ ਹਿੰਮਤ ਅਤੇ ਕਾਰਗੁਜ਼ਾਰੀ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ।