Jabalpur Blast: ਆਰਡੀਨੈਂਸ ਫੈਕਟਰੀ ’ਚ ਧਮਾਕੇ ’ਚ ਦਰਜਨ ਤੋਂ ਵੱਧ ਕਰਮਚਾਰੀ ਜ਼ਖਮੀ; 1 ਲਾਪਤਾ
ਜਬਲਪੁਰ, 22 ਅਕਤੂਬਰ
Jabalpur Blast: ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਆਰਡੀਨੈਂਸ ਫੈਕਟਰੀ ਖਮਾਰੀਆ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ ਦਰਜਨ ਤੋਂ ਵੱਧ ਕਰਮਚਾਰੀ ਜ਼ਖਮੀ ਹੋ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਸਵੇਰੇ 9:45 ਵਜੇ ਦੇ ਕਰੀਬ ਉਸ ਸਮੇਂ ਹੋਇਆ ਜਦੋਂ ਫੈਕਟਰੀ ਦੇ ਇੱਕ ਰੀਫਿਲਿੰਗ ਸੈਕਸ਼ਨ ਵਿੱਚ ਬੰਬਾਂ ਵਿੱਚ ਵਿਸਫੋਟਕ ਸਮੱਗਰੀ ਭਰੀ ਜਾ ਰਹੀ ਸੀ। ਜ਼ਖਮੀਆਂ ’ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਕ ਹੋਰ ਕਰਮਚਾਰੀ ਲਾਪਤਾ ਹੈ ਅਤੇ ਸੰਭਾਵਤ ਤੌਰ ’ਤੇ ਉਹ ਸੈਕਸ਼ਨ ਦੇ ਮਲਬੇ ਹੇਠਾਂ ਦੱਬਿਆ ਹੋਇਆ ਹੈ ਜਿਸ ਵਿਚ ਧਮਾਕਾ ਹੋਇਆ ਸੀ। ਚਸ਼ਮਦੀਦਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕੁਝ ਕਿਲੋਮੀਟਰ ਦੂਰ ਤੱਕ ਲੋਕਾਂ ਨੇ ਵੀ ਸੁਣੀ। ਆਰਡੀਨੈਂਸ ਫੈਕਟਰੀ ਖਮਾਰੀਆ ਰੱਖਿਆ ਉਤਪਾਦਨ ਵਿਭਾਗ ਦੇ ਅਧੀਨ ਪ੍ਰਮੁੱਖ ਅਸਲਾ ਉਤਪਾਦਨ ਯੂਨਿਟ ਵਿੱਚੋਂ ਇੱਕ ਹੈ।
ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿੱਚ ਇੱਕ ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀ ਹੋਏ ਹਨ ਅਤੇ ਇੱਕ ਲਾਪਤਾ ਮਜ਼ਦੂਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਇਮਾਰਤ ਦੇ ਮਲਬੇ ਹੇਠਾਂ ਦੱਬਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ। ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੇ ਫਾਇਰ ਬ੍ਰਿਗੇਡ ਅਤੇ ਸੁਰੱਖਿਆ ਕਰਮਚਾਰੀਆਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਪੀਟੀਆਈ