ਕੋਲਕਾਤਾ, 13 ਜਨਵਰੀਪੱਛਮੀ ਬੰਗਾਲ ਦੀ ਸਰਕਾਰ ਨੇ ਮਿਆਦ ਪੁੱਗੀ ਦਵਾਈ ਵਰਤਣ ਕਾਰਨ ਇੱਕ ਮਹਿਲਾ ਦੀ ਮੌਤ ਅਤੇ ਤਿੰਨ ਹੋਰਾਂ ਦੀ ਹਾਲਤ ਗੰਭੀਰ ਹੋਣ ਦੇ ਮਾਮਲੇ ਦੀ ਸੀਆਈਡੀ ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਮੁੱਖ ਸਕੱਤਰ ਮਨੋਜ ਪੰਤ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਜ਼ੱਚਾ-ਬੱਚਾ ਹਸਪਤਾਲ ਵਿੱਚ ਮਿਆਦ ਪੁੱਗੇ ‘IV fluid’ ਦੀ ਵਰਤੋਂ ਕਾਰਨ ਮਰੀਜ਼ਾਂ ਦੀ ਹਾਲਤ ਵਿਗੜ ਗਈ ਸੀ।ਉਨ੍ਹਾਂ ਕਿਹਾ ਕਿ ਸੂਬੇ ਦੇ ਸਿਹਤ ਵਿਭਾਗ ਵੱਲੋਂ ਬਣਾਈ ਗਈ 13 ਮੈਂਬਰੀ ਕਮੇਟੀ ਵੀ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਫ਼ੈਸਲਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਲਿਆ ਗਿਆ ਹੈ।ਪੰਤ ਨੇ ਕਿਹਾ, ‘‘ਅਸੀਂ ਸੀਆਈਡੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਉਹ ਸਾਰੇ ਪਹਿਲੂਆਂ ਦੀ ਘੋਖ ਕਰਨਗੇ ਅਤੇ ਇਹ ਪਤਾ ਲਗਾਉਣਗੇ ਕਿ ਕੀ ਪ੍ਰਕਿਰਿਆ ਵਿੱਚ ਖਾਮੀਆਂ ਸਨ ਅਤੇ ਕੀ SOPs (ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ) ਦਾ ਸਹੀ ਢੰਗ ਨਾਲ ਪਾਲਣ ਕੀਤਾ ਗਿਆ ਸੀ ਜਾਂ ਨਹੀਂ।’’ਉਨ੍ਹਾਂ ਕਿਹਾ ਕਿ ਸੀਆਈਡੀ ਨੂੰ ਦਿੰਨ ਦਿਨਾਂ ਵਿੱਚ ਮਾਮਲੇ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ