ਆਈਟੀਬੀਪੀ 26ਵੀਂ ਬਟਾਲੀਅਨ ਨੇ ਸਥਾਪਨਾ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਕਤੂਬਰ
ਭਾਰਤ ਤਿੱਬਤ ਬਾਰਡਰ ਪੁਲੀਸ ਦੀ 26ਵੀਂ ਬਟਾਲੀਅਨ ਵੱਲੋਂ ਬੱਦੋਵਾਲ ਕੈਂਪ ਵਿੱਚ 63ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਆਈਟੀਬੀਪੀ ਦੇ ਸੇਵਾਮੁਕਤ ਅਫ਼ਸਰ ਅਤੇ ਜਵਾਨ ਖਾਸ ਤੌਰ ’ਤੇ ਪੁੱਜੇ। ਇਸ ਮੌਕੇ ਆਈਟੀਬੀਪੀ ਦੇ ਕਮਾਂਡੈਂਟ ਅਫ਼ਸਰ ਸੌਰਭ ਦੂਬੇ ਨੇ ਦੋਰਾਹਾ ਸਥਿਤ ਸੀਨੀਅਰ ਸਿਟੀਜ਼ਨ ਹੋਮ ‘ਹੈਵਨਲੀ ਪੈਲੇਸ’ ਦੇ ਸਹਾਇਕ ਜਨਰਲ ਮੈਨੇਜਰ ਵਰਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ। ਸ੍ਰੀ ਵਰਿੰਦਰ ਕੁਮਾਰ ਨੇ ਹੈਵਨਲੀ ਪੈਲਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਐੱਸਏ ਦੇ ਰਹਿਣ ਵਾਲੇ ਸਫ਼ਲ ਕਾਰੋਬਾਰੀ ਐੱਨਆਰਆਈ ਅਨਿਲ ਮੋਂਗਾ ਵੱਲੋਂ ਸਮਾਜ ਦੀ ਸੇਵਾ ਦੇ ਮਕਸਦ ਨਾਲ ਸਥਾਪਿਤ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਅਧੀਨ ਆਉਦੇ ਹੈਵਨਲੀ ਪੈਲੇਸ ਦਾ ਮਕਸਦ ਬਜ਼ੁਰਗਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੋਰਾਹਾ ਨਹਿਰ ਕੰਢੇ 14 ਏਕੜ ’ਚ ਬਣੇ ਇਸ ਸਿਟੀਜ਼ਨ ਹੋਮ ‘ਚ ਬਜ਼ੁਰਗਾਂ ਲਈ ਫਾਈਵ ਸਟਾਰ ਪੱਧਰ ਦੀਆਂ ਸਹੂਲਤਾਂ ਮੌਜ਼ੂਦ ਹਨ ਜਿੱਥੇ 400 ਤੋਂ ਵੱਧ ਸੀਨੀਅਰ ਸਿਟੀਜ਼ਨ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਇਸ ਮੌਕੇ ਡਿਪਟੀ ਕਮਾਂਡੈਂਟ ਦੇਸਰਾਜ ਸਿੰਘ ਮੌਜੂਦ ਸਨ।