ਇਟਾਲੀਅਨ ਓਪਨ: ਬੋਪੰਨਾ-ਐਬਡੇਨ ਪ੍ਰੀ ਕੁਆਰਟਰ ਫਾਈਨਲ ’ਚੋਂ ਬਾਹਰ
ਰੋਮ, 15 ਮਈ
ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊ ਐਬਡੇਨ ਦੀ ਟੈਨਿਸ ਜੋੜੀ ਈਟੀਪੀ ਇਟਾਲੀਅਨ ਓਪਨ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਸਥਾਨਕ ਜੋੜੀ ਸਿਮੋਨ ਬੋਲੇਲੀ ਅਤੇ ਐਂਡਰੀਆ ਵਾਵਾਸੋਰੀ ਤੋਂ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ। ਇੱਕ ਘੰਟੇ 13 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਉਨ੍ਹਾਂ ਨੂੰ 2-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਗੇੜ ਵਿੱਚ ਉਨ੍ਹਾਂ ਮਾਤੇਓ ਅਰਨਾਲਡੀ ਅਤੇ ਫਰਾਂਸਿਸਕੋ ਪਸਾਰੋ ਨੂੰ ਹਰਾਇਆ ਸੀ। ਬੋਪੰਨਾ ਅਤੇ ਐਬਡੇਨ ਇਸ ਮਹੀਨੇ ਦੇ ਸ਼ੁਰੂ ਵਿੱਚ ਮੈਡਰਿਡ ਮਾਸਟਰਜ਼ ’ਚੋਂ ਵੀ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਏ ਸਨ। ਉਨ੍ਹਾਂ ਨੇ ਸਾਲ ਦੇ ਸ਼ੁਰੂ ਵਿੱਚ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ। ਇਸੇ ਦੌਰਾਨ ਬੋਪੰਨਾ ਡਬਲਜ਼ ਵਰਗ ਵਿੱਚ ਸਿਖਰਲੇ ਦਰਜੇ ’ਤੇ ਪਹੁੰਚਣ ਵਾਲਾ ਸਭ ਤੋਂ ਉਮਰਦਰਾਜ਼ ਖਿਡਾਰੀ ਬਣਿਆ ਸੀ। -ਪੀਟੀਆਈ
ਨਡਾਲ ਤੇ ਜੋਕੋਵਿਚ ਮਗਰੋਂ ਮੈਦਵੇਦੇਵ ਵੀ ਬਾਹਰ
ਰੋਮ: ਮੌਜੂਦਾ ਚੈਂਪੀਅਨ ਦਾਨਿਲ ਮੈਦਵੇਦੇਵ ਅਮਰੀਕਾ ਦੇ ਟੋਮੀ ਪੌਲ ਤੋਂ 1-6, 4-6 ਨਾਲ ਹਾਰ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ’ਚੋਂ ਬਾਹਰ ਕੇ ਬਾਹਰ ਹੋ ਗਿਆ ਹੈ। ਇਸ ਤੋਂ ਪਹਿਲਾਂ ਦਸ ਵਾਰ ਦਾ ਚੈਂਪੀਅਨ ਰਾਫੇਲ ਨਡਾਲ ਅਤੇ ਸਿਖਰਲਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਵੀ ਹਾਰ ਕੇ ਬਾਹਰ ਹੋ ਚੁੱਕੇ ਹਨ। ਪੌਲ ਦਾ ਮੁਕਾਬਲਾ ਹੁਣ ਦੂਜੇ ਗੇੜ ਵਿੱਚ ਨਡਾਲ ਨੂੰ ਹਰਾਉਣ ਵਾਲੇ ਹੁਬਰਡ ਹੁਰਕਾਜ ਨਾਲ ਹੋਵੇਗਾ। -ਪੀਟੀਆਈ