For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੀ ਉਲਝੀ ਤਾਣੀ ਸੁਲਝਾਉਣ ’ਚ ਸਮਾਂ ਲੱਗੇਗਾ: ਮਾਨ

09:05 AM Nov 04, 2024 IST
ਪੰਜਾਬ ਦੀ ਉਲਝੀ ਤਾਣੀ ਸੁਲਝਾਉਣ ’ਚ ਸਮਾਂ ਲੱਗੇਗਾ  ਮਾਨ
ਡੇਰਾ ਬਾਬਾ ਨਾਨਕ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਸਨਮਾਨ ਕਰਦੇ ਹੋਏ ‘ਆਪ’ ਆਗੂ।
Advertisement

Advertisement

ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 3 ਨਵੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਦੋ ਰਾਜਸੀ ਧਿਰਾਂ ਨੇ ਪਿਛਲੇ 75 ਸਾਲਾਂ ਤੋਂ ਪੰਜਾਬ ਦਾ ਤਾਣਾ-ਬਾਣਾ ਅਜਿਹਾ ਉਲਝਾਇਆ ਕਿ ਇਸ ਨੂੰ ਠੀਕ ਕਰਨ ਵਿੱਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਕਸਬਾ ਕਲਾਨੌਰ ਦੇ ਸਟੇਡੀਅਮ ’ਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਦੋ ਰਾਜਸੀ ਧਿਰਾਂ ਨੇ ਪਿਛਲੇ 75 ਸਾਲਾਂ ਤੋਂ ਪੰਜਾਬ ਦਾ ਤਾਣਾ-ਬਾਣਾ ਉਲਝਾਇਆ ਹੋਇਆ ਹੈ ਅਤੇ ਇਸ ਨੂੰ ਠੀਕ ਕਰਨ ਵਿੱਚ ਕੁਝ ਸਮਾਂ ਲੱਗ ਰਿਹਾ ਹੈ।
ਉਨ੍ਹਾਂ ਕਿਹਾ, ‘ਜਦੋਂ ਉਹ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵਿਧਾਨ ਸਭਾ ਵਿੱਚ ਪੁੱਛਦੇ ਹਨ ਕਿ ਦੱਸੋ ਅਬੁੱਲ ਖੁਰਾਣਾ ਦੀ ਗੱਲ ਕਰੀਏ, ਅੰਮ੍ਰਿਤਸਰ ਦੇ ਬਣੇ ਗੇਟ ਨੇੜੇ ਪਲਾਟਾਂ ਦੀ ਗੱਲ ਕਰੀਏ ਜਾਂ ਕੁਝ ਹੋਰ ਤਾਂ ਸਾਬਕਾ ਉਪ ਮੁੱਖ ਮੰਤਰੀ ਰੰਧਾਵਾ (ਹੁਣ ਸੰਸਦ ਮੈਂਬਰ) ਮੂੰਹ ਫੇਰ ਲੈਂਦੇ ਹਨ।’ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਬਿਜਲੀ ਬਿੱਲ ਮੁਫ਼ਤ ਸਮੇਤ ਹੋਰ ਗਾਰੰਟੀਆਂ ਪੂਰੀਆਂ ਕੀਤੀਆਂ ਹਨ ਅਤੇ ਸੂਬੇ ਦੇ 45 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।
ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਜਦੋਂ ਉਹ ਲੋਕ ਨਿਰਮਾਣ ਮੰਤਰੀ ਸਨ ਤਾਂ ਸਭ ਤੋਂ ਵੱਧ ਟੌਲ ਪਲਾਜ਼ੇ ਚੰਡੀਗੜ੍ਹ ਤੋਂ ਗੁਰਦਾਸਪੁਰ ਤੱਕ ਇਨ੍ਹਾਂ ਨੇ ਹੀ ਲਗਵਾਏ। ਉਨ੍ਹਾਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਨਿੱਘਰਦੀ ਹਾਲਤ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਅਕਾਲੀ ਲੀਡਰ ਪੰਜਾਬ ਵਿੱਚ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਨ। ਉਨ੍ਹਾਂ ਕਿਹਾ ਕਿ ਸੈਂਕੜੇ ਕੁਰਬਾਨੀਆਂ ਬਾਅਦ ਸਾਨੂੰ ਵੋਟ ਦਾ ਹੱਕ ਮਿਲਿਆ ਹੈ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਮਹਾਨ ਸਿੰਕਦਰ ਬਾਰੇ ਦੱਸਦਿਆ ਕਿ ਇਨ੍ਹਾਂ ਰਾਜਸੀ ਲੁਟੇਰਿਆਂ ਨੇ ਲੋਕਾਂ ਦੇ ਘਰ ਤਬਾਹ ਕਰ ਦਿੱਤੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਹੋਰ ਆਗੂਆਂ ਨੇ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਵਿਧਾਇਕ ਸ਼ੈਰੀ ਕਲਸੀ ਨੇ ਕੀਤਾ।

Advertisement

Advertisement
Author Image

Advertisement