For the best experience, open
https://m.punjabitribuneonline.com
on your mobile browser.
Advertisement

ਪ੍ਰਨੀਤ ਕੌਰ ਲਈ ਸੌਖਾ ਨਹੀਂ ਹੋਵੇਗਾ ਜਿੱਤ ਬਰਕਰਾਰ ਰੱਖਣਾ

07:59 AM Apr 04, 2024 IST
ਪ੍ਰਨੀਤ ਕੌਰ ਲਈ ਸੌਖਾ ਨਹੀਂ ਹੋਵੇਗਾ ਜਿੱਤ ਬਰਕਰਾਰ ਰੱਖਣਾ
ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਵਰਕਰਾਂ ਨੂੰ ਮਿਲਦੇ ਹੋਏ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਅਪਰੈਲ
ਭਾਜਪਾ ਦੀ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਢਾਬੀ ਗੁੱਜਰਾਂ ਬਾਰਡਰ ’ਤੇ ਸ਼ਹੀਦ ਅਤੇ ਜ਼ਖ਼ਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪ੍ਰਨੀਤ ਕੌਰ ਪਾਰਟੀ ਵਰਕਰਾਂ ਅਤੇ ਕਾਂਗਰਸੀਆਂ ਨਾਲ ਰਾਬਤਾ ਕਾਇਮ ਕਰਕੇ ਆਪਣੀ ਚੋਣ ਮੁਹਿੰਮ ਭਖਾਉਣ ਲੱਗੇ ਹਨ। ਦੂਜੇ ਪਾਸੇ ਕਿਸਾਨ ਭਾਜਪਾ ਉਮੀਦਵਾਰਾਂ ਖ਼ਿਲਾਫ਼ ਲਾਮੰਬਦ ਹੋਣ ਲੱਗੇ ਹਨ। ਜਾਣਕਾਰੀ ਅਨੁਸਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਉੱਤੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਮੌਜੂਦਾ ਲੋਕ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲਾਮਬੰਦ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਢਾਬੀ ਗੁੱਜਰਾਂ ਬਾਰਡਰ ਉੱਤੇ ਹਲਕਾ ਸ਼ੁਤਰਾਣਾ ਦੇ ਪਿੰਡ ਕਾਂਗਥਲਾ ਅਤੇ ਅਰਨੋ ਦੇ ਸ਼ਹੀਦ ਕਿਸਾਨਾਂ ਅਤੇ ਜ਼ਖ਼ਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪਿੰਡ ਸ਼ੇਰਗੜ੍ਹ, ਮੁਤੌਲੀ, ਸ਼ੁਤਰਾਣਾ, ਜੈਖਰ, ਸਿਉਨਾ ਅਤੇ ਕਾਠ ਆਦਿ ਪਿੰਡਾਂ ਵਿੱਚ ਜਾ ਮਿਲੇ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਜ਼ਖ਼ਮੀ ਕਿਸਾਨਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਹੈ। ਇਸ ਤੋਂ ਇਲਾਵਾ ਪ੍ਰਨੀਤ ਕੌਰ ਵੱਲੋਂ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਕੁੱਲ ਹਿੰਦ ਕਿਸਾਨ ਯੂਨੀਅਨ ਦੇ ਆਗੂਆਂ ਨੇ ਹਲਕਾ ਸ਼ੁਤਰਾਣਾ ਵਿੱਚ ਮੀਟਿੰਗ ਦੌਰਾਨ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨ ਸੰਯੁਕਤ ਮੋਰਚੇ ਨਾਲ ਕੀਤੇ ਸਮਝੌਤੇ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਣ ਦਾ ਵਿਰੋਧ ਕੀਤਾ। ਉਨ੍ਹਾਂ ਆਖਿਆ ਕਿ ਕਿਸਾਨੀ ਮੰਗਾਂ ਨੂੰ ਮਨਵਾਉਣ ਦਿੱਲੀ ਚੱਲੋ ਦੇ ਐਲਾਨ ਤਹਿਤ ਢਾਬੀ ਗੁੱਜਰਾਂ ਅਤੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਉਨ੍ਹਾਂ ਆਖਿਆ ਕਿ ਕਿਸਾਨਾਂ ਤੇ ਹੋਏ ਅੱਤਿਆਚਾਰ ਦੇ ਖ਼ਿਲਾਫ਼ ਭਾਜਪਾ ਦੇ ਉਮੀਦਵਾਰਾਂ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×