ਨਵੇਂ ਸਾਲ ਤੋਂ ਗਲਤ ਦਿਸ਼ਾ ਵਿੱਚ ਵਾਹਨ ਲੰਘਾਉਣੇ ਹੋਣਗੇ ਮੁਸ਼ਕਲ
ਜਗਮੋਹਨ ਸਿੰਘ
ਘਨੌਲੀ, 31 ਦਸੰਬਰ
ਇੱਥੇ ਘਨੌਲੀ ਪੁਲੀਸ ਚੌਕੀ ਦੇ ਇੰਚਾਰਜ ਵੱਲੋਂ ਘਨੌਲੀ ਬੈਰੀਅਰ ਨੇੜਿਉਂ ਵਾਹਨਾਂ ਨੂੰ ਗਲਤ ਦਿਸ਼ਾ ਵਿੱਚ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਾਉਣ ਦੇ ਬਾਵਜੂਦ ਲੋਕਾਂ ਦੇ ਨਾ ਸਮਝਣ ਉਪਰੰਤ ਪੁਲੀਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੌਮੀ ਹਾਈਵੇਅ ਅਥਾਰਿਟੀ ਦੇ ਸਹਿਯੋਗ ਨਾਲ ਬੈਰੀਅਰ ਨੇੜੇ ਅਤਿ ਆਧੁਨਿਕ ਤੇ ਉੱਚ ਤਕਨੀਕ ਵਾਲੇ ਕੈਮਰੇ ਲਗਾ ਦਿੱਤੇ ਗਏ ਹਨ। ਇਹ ਕੈਮਰੇ ਨਵੇਂ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਗਲਤ ਦਿਸ਼ਾ ਵਿੱਚ ਗੁਜ਼ਰਨ ਵਾਲੇ ਵਾਹਨ ਇਨ੍ਹਾਂ ਕੈਮਰਿਆਂ ਦੀ ਨਿਗ੍ਹਾ ਤੋਂ ਬਚ ਨਹੀਂ ਸਕਣਗੇ। ਚੌਕੀ ਇੰਚਾਰਜ ਸਮਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਮਰਿਆਂ ਵੱਲੋਂ ਸਵੈਚਾਲਿਤ ਢੰਗ ਨਾਲ ਚਲਾਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਰੂਪਨਗਰ ਜਾਣ ਸਮੇਂ ਆਪਣਾ ਵਾਹਨ ਘਨੌਲੀ ਬੱਸ ਸਟੈਂਡ ਨੇੜਲੇ ਅਧਿਕਾਰਤ ਕੱਟ ਰਾਹੀਂ ਹੀ ਲੈ ਕੇ ਜਾਣ ਦੀ ਅਪੀਲ ਕੀਤੀ।
ਪੰਚਕੂਲਾ ਵਿੱਚ 26 ਥਾਵਾਂ ’ਤੇ ਲਾਏ ਪੁਲੀਸ ਨੇ ਨਾਕੇ
ਪੰਚਕੂਲਾ (ਪੀਪੀ ਵਰਮਾ):ਇੱਥੇ ਅੱਜ ਨਵੇਂ ਸਾਲ ਦੀ ਆਮਦ ਮੌਕੇ ਮੱਥਾ ਟੇਕਣ ਵਾਲਿਆਂ ਦੀ ਭੀੜ ਰਹੀ। ਗੁਰਦੁਆਰਾ ਨਾਢਾ ਸਾਹਿਬ ਅਤੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਨਵੇਂ ਸਾਲ ਦੇ ਮੱਦੇਨਜ਼ਰ ਸਵੇਰੇ ਹੀ ਸਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਸਨ। ਪੰਚਕੂਲਾ ਦੇ ਸੈਕਟਰ-5 ਵਿੱਚ ਨਵੇਂ ਸਾਲ ਉੱਤੇ ਸਾਈ ਸੇਵਾ ਭਗਤਾਂ ਵੱਲੋਂ ਨਵੇਂ ਸਾਲ ਉੱਤੇ ਵੱਡਾ ਪ੍ਰੋਗਰਾਮ ਕੀਤਾ ਗਿਆ। ਨਵੇਂ ਸਾਲ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਨੇ 26 ਥਾਂਵਾਂ ਉੱਤੇ ਨਾਕੇ ਲਗਾਏ ਹੋਏ ਸਨ। ਪੂਰੇ ਜ਼ਿਲ੍ਹੇ ਵਿੱਚ ਡਰਿੰਕ ਐਂਡ ਡਰਾਈਵ ਦੇ ਵਿਸ਼ੇਸ਼ 8 ਨਾਕੇ ਲਗਾਏ ਹੋਏ ਸਨ। ਇਸੇ ਸਬੰਧੀ ਟਰੈਫਿਕ ਪੁਲੀਸ ਵੀ ਮੁਸਤੈਦ ਹੈ। ਪੰਚਕੂਲਾ ਦੇ ਸਰਕਾਰੀ ਹੋਟਲ ਰੈੱਡਬਿਸ਼ਪ ਅਤੇ ਇਸ ਤੋਂ ਇਲਾਵਾ ਮੋਰਨੀ ਦੇ ਕਈ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਨਵਾਂ ਸਾਲ ਮਨਾਉਣ ਲਈ ਨੌਜਵਾਨਾਂ ਦੀ ਬੜੀ ਭੀੜ ਰਹੀ। ਕਈ ਹੋਟਲਾਂ ਦੇ ਰੈਸਟੋਰੈਂਟਾਂ ਵਿੱਚ ਪੁਲੀਸ ਨੇ ਚੈਕਿੰਗ ਵੀ ਕੀਤੀ। ਪੁਲੀਸ ਨੇ ਮੋਰਨੀ ਨੂੰ ਜਾਣ ਵਾਲੇ ਸੈਲਾਨੀਆਂ ’ਤੇ ਕੜੀ ਨਜ਼ਰ ਰੱਖੀ ਹੋਈ ਸੀ। ਮਾਰਕੀਟਾਂ ਦੀਆਂ ਪਾਰਕਿੰਗਾਂ ਤੋਂ ਇਲਾਵਾ ਬਾਹਰਲੀਆਂ ਸੜਕਾਂ ਉੱਤੇ ਗੱਡੀਆਂ ਖੜ੍ਹਾਉਣ ਵਾਲਿਆਂ ਦੇ ਚਲਾਨ ਕੀਤੇ ਗਏ।