ਤਹਿਸੀਲਦਾਰ ਨੂੰ ਖੇਤੀ ਮੰਤਰੀ ਅੱਗੇ ਆਪਣੇ ਦਫ਼ਤਰ ਦਾ ਦੁੱਖ ਰੋਣਾ ਮਹਿੰਗਾ ਪਿਆ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 21 ਅਗਸਤ
ਇਥੋਂ ਦੇ ਪੰਚਾਇਤ ਭਵਨ ’ਚ ਦੁੱਖ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਪਿੰਡ ਸ਼ਮਸ਼ਾਬਾਦ ਪੱਟੀ ’ਚ ਜ਼ਮੀਨ ਦਾ ਰਕਬਾ ਆਨਲਾਈਨ ਨਾ ਹੋਣ ਸਬੰਧੀ ਸ਼ਿਕਾਇਤ ਦੀ ਸੁਣਵਾਈ ਦੌਰਾਨ ਤਹਿਸੀਲਦਾਰ ਨੇ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਕਾਗਜ਼, ਪ੍ਰਿੰਟਰ ਤੇ ਹੋਰ ਲੋੜੀਂਦੀਆਂ ਚੀਜ਼ਾਂ ਨਹੀਂ ਹਨ। ਇਸ ਕਾਰਨ ਜ਼ਮੀਨ ਦਾ ਰਿਕਾਰਡ ਆਨਲਾਈਨ ਕਰਨ ਵਿੱਚ ਦਿੱਕਤ ਆ ਰਹੀ ਹੈ। ਤਹਿਸੀਲਦਾਰ ਦੇ ਜਵਾਬ ਤੋਂ ਅਸੰਤੁਸ਼ਟ ਮੰਤਰੀ ਜੇਪੀ ਦਲਾਲ ਨੇ ਡੀਸੀ ਪਾਰਥ ਗੁਪਤਾ ਨੂੰ ਤਹਿਸੀਲ ਦਫ਼ਤਰ ’ਚ ਲੋੜੀਂਦਾ ਸਾਮਾਨ ਮੁਹੱਈਆ ਕਰਵਾਏ ਜਾਣ ਦੀ ਜਿਥੇ ਗੱਲ ਆਖੀ ਉਥੇ ਹੀ ਤਹਿਸੀਲਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੇ ਜਾਣ ਦੇ ਵੀ ਹੁਕਮ ਦਿੱਤੇ। ਖੇਤੀ ਮੰਤਰੀ ਨੇ ਮੀਟਿੰਗ ਵਿੱਚ 16 ਸ਼ਿਕਾਇਤਾਂ ਸੁਣੀਆਂ, ਜਿਨ੍ਹਾਂ ਵਿੱਚੋਂ ਦਸ ਦਾ ਨਬਿੇੜਾ ਕੀਤਾ। ਜ਼ਿਕਰਯੋਗ ਹੈ ਕਿ ਪੰਚਾਇਤ ਭਵਨ ਵਿੱਚ ਮੀਟਿੰਗ ਦੌਰਾਨ ਸ਼ਮਸ਼ਾਬਾਦ ਪੱਟੀ ਦੇ ਇਕ ਸ਼ਿਕਾਇਤਕਰਤਾ ਨੇ ਪਿੰਡ ਦੀ ਕੁਝ ਜ਼ਮੀਨ ਆਨਲਾਈਨ ਨਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਖੇਤੀ ਮੰਤਰੀ ਜੇਪੀ ਦਲਾਲ ਦੇ ਪੁੱਛਣ ’ਤੇ ਤਹਿਸੀਲਦਾਰ ਵਿਨਤੀ ਰਾਣੀ ਕਾਗਜ਼, ਪ੍ਰਿੰਟਰ ਨਾ ਹੋਣ ਦੀ ਗੱਲ ਕਹੀ ਸੀ। ਮਗਰੋਂ ਤਹਿਸੀਲਦਾਰ ਵਿਨਤੀ ਰਾਣੀ ਵੱਲੋਂ ਚੁੱਕੇ ਗਏ ਮੁੱਦੇ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਡੀਸੀ ਅੱਗੇ ਨਹੀਂ ਰੱਖਿਆ ਗਿਆ, ਜੋ ਤਹਿਸੀਲਦਾਰ ਦਾ ਲਾਪ੍ਰਵਾਹੀ ਹੈ। ਇਸੇ ਲਈ ਡੀਸੀ ਵੱਲੋਂ ਲਾਪ੍ਰਵਾਹੀ ਵਰਤਣ ਵਾਲੇ ਤਹਿਸੀਲਦਾਰ ਨੂੰ ਚਿਤਾਵਨੀ ਦੇ ਕੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।