ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਅੱਜ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦੁਪਹਿਰ 3 ਵਜੇ ਕਿਹਾ ਕਿ ਦਿੱਲੀ ਅਤੇ ਐੱਨਸੀਆਰ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਦਿੱਲੀ ਵਿੱਚ ਹੁਣ ਤੱਕ ਭਾਰੀ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ।’’ ਆਈਐੱਮਡੀ ਨੇ ਕਿਹਾ ਕਿ ਉਨ੍ਹਾਂ ਦੀਆਂ ਭਵਿੱਖਬਾਣੀਆਂ ਮਾਡਲਾਂ ਅਤੇ ਹੋਰ ਮਾਪਾਂ ਦਾ ਵਿਸ਼ਲੇਸ਼ਣ ਕਰਦੀਆਂ ਹਨ, ਜੋ ਕਈ ਵਾਰ ਇਕਸਾਰ ਨਹੀਂ ਹੁੰਦੀਆਂ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਬਾਅਦ ਦੁਪਹਿਰ ਦਿੱਲੀ ਦੇ ਕਈ ਇਲਾਕਿਆਂ ਵਿੱਚ ਭਰਵਾਂ ਮੀਂਹ ਪਿਆ, ਜਿਸ ਨਾਲ ਮਹਿਕਮੇ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ। ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇਕ ਡਿਗਰੀ ਵਧ ਸੀ। ਸ਼ਹਿਰ ਵਿੱਚ ਅੱਜ ਦਿਨ ਭਰ ਆਸਮਾਨ ’ਚ ਬੱਦਲਵਾਈ ਰਹੀ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ। ਸਵੇਰੇ 8.30 ਵਜੇ ਨਮੀ ਦਾ ਪੱਧਰ 75 ਫੀਸਦੀ ਸੀ।
ਫਰੀਦਾਬਾਦ (ਪੱਤਰ ਪ੍ਰੇਰਕ): ਐੱਨਸੀਆਰ ਦੇ ਖੇਤਰਾਂ ਫਰੀਦਾਬਾਦ, ਬਲਭਗੜ੍ਹ, ਪਲਵਲ, ਗੁਰੂਗ੍ਰਾਮ, ਗਾਜ਼ੀਆਬਾਦ ਤੇ ਨੋਇਡਾ ਵਿੱਚ ਭਰਵਾਂ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ ਵਿੱਚ ਚਮੜੀ ਦੇ ਰੋਗ ਫੈਲਣ ਦਾ ਡਰ ਰਹਿੰਦਾ ਹੈ ਕਿਉਂਕਿ ਮੀਂਹ ਦੇ ਪਾਣੀ ਵਿੱਚ ਮਾੜੇ ਤੱਤ ਸ਼ਾਮਲ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪੈਰਾਂ ਅਤੇ ਲੱਤਾਂ ਨੂੰ ਚਮੜੀ ਰੋਗ ਲੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ। ਡਾਕਟਰ ਮੁਤਾਬਕ ਅਜਿਹੇ ਵਿੱਚ ਬੱਚਿਆਂ ਨੂੰ ਮੀਂਹ ਦੇ ਗੰਦੇ ਪਾਣੀ ਵਿੱਚ ਨਾ ਜਾਣ ਦਿੱਤਾ ਜਾਵੇ।