ਅਧਿਆਪਕ ਦਾ ਸੰਜੀਦਾ ਹੋਣਾ ਬਹੁਤ ਜ਼ਰੂਰੀ
ਅੰਮ੍ਰਿਤ ਕੌਰ
ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਪਰ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੋਮਬੱਤੀ ਅਤੇ ਉਸ ਦਾ ਧਾਗਾ ਤਾਂ ਜਲ ਕੇ ਖ਼ਤਮ ਹੋ ਜਾਂਦਾ ਹੈ। ਪਰ ਅਧਿਆਪਕ ਤਾਂ ਹਮੇਸ਼ਾ ਗਿਆਨ ਰੂਪੀ ਰੋਸ਼ਨੀ ਵੰਡਦਾ ਹੈ, ਇਹ ਗਿਆਨ ਕਦੇ ਵੀ ਖ਼ਤਮ ਨਹੀਂ ਹੁੰਦਾ ਸਗੋਂ ਅੱਗੇ ਜੋਤ ਤੋਂ ਜੋਤ ਜਗਦੀ ਰਹਿੰਦੀ ਹੈ। ਸੁਹਿਰਦ ਅਧਿਆਪਕ ਸੇਵਾਮੁਕਤ ਹੋਣ ਤੋਂ ਬਾਅਦ ਵੀ ਨਾ ਤੇਲ ਮੁੱਕਣ ਦਿੰਦੇ ਹਨ ਨਾ ਹੀ ਗਿਆਨ ਦੀ ਬੱਤੀ ਬੁਝਣ ਦਿੰਦੇ ਹਨ ਸਗੋਂ ਉਹ ਆਪਣਾ ਸਰੀਰ ਮੁੱਕਣ ਤੋਂ ਪਹਿਲਾਂ ਬਹੁਤ ਸਾਰੇ ਗਿਆਨ ਦੇ ਦੀਵੇ ਜਗਾ ਜਾਂਦੇ ਹਨ ਜੋ ਹਨੇਰੇ ਰਾਹਾਂ ਨੂੰ ਹਮੇਸ਼ਾਂ ਰੋਸ਼ਨ ਕਰਦੇ ਹਨ। ਅਜਿਹੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ ਹਮੇਸ਼ਾਂ ਜਿਉਂਦੇ ਰਹਿੰਦੇ ਹਨ। ਅਜਿਹੇ ਅਧਿਆਪਕ ਹੋਣਾ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ।
ਹਰੇਕ ਇਨਸਾਨ ਦੇ ਆਪਣੇ ਆਪਣੇ ਵਿਚਾਰ ਹੁੰਦੇ ਹਨ। ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਅਧਿਆਪਕ ਬਣਨਾ ਵੱਖਰੀ ਗੱਲ ਹੈ ਅਤੇ ਸਹੀ ਅਰਥਾਂ ਵਿੱਚ ਅਧਿਆਪਕ ਹੋਣਾ ਵੱਖਰੀ ਗੱਲ। ਸੁਕਰਾਤ ਵਾਂਗ ਰਾਹ ਜਾਂਦਿਆਂ ਨੂੰ ਸਵਾਲ ਪੁੱਛ ਕੇ ਵੀ ਗਿਆਨ ਵੰਡਦੇ ਰਹਿਣਾ ਅਧਿਆਪਕ ਦਾ ਇੱਕ ਜ਼ਰੂਰੀ ਗੁਣ ਹੋਣਾ ਚਾਹੀਦਾ ਹੈ। ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਦੇਣਾ, ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕਰਨਾ ਵੀ ਬਹੁਤ ਜ਼ਰੂਰੀ ਹੈ।
ਕਈ ਅਧਿਆਪਕ ਪੂਰੀ ਤਨਦੇਹੀ ਨਾਲ ਆਪਣੇ ਫ਼ਰਜ਼ ਨਿਭਾਉਣਾ ਜਾਣਦੇ ਹਨ। ਕਈ ਗਲ਼ ਪਿਆ ਢੋਲ ਹੀ ਵਜਾਉਂਦੇ ਹਨ। ਖ਼ੈਰ, ਹਰੇਕ ਦੀਆਂ ਆਪਣੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਪਰ ਇੱਥੇ ਇੱਕ ਗੱਲ ਕਰਨੀ ਬਣਦੀ ਹੈ ਕਿ ਜੇਕਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝੇ ਤਾਂ ਉਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟੇਗਾ। ਜਿੰਨਾ ਚਿਰ ਅਧਿਆਪਕ ਸਕੂਲ ਵਿੱਚ ਰਹਿੰਦਾ ਹੈ ਓਨਾ ਚਿਰ ਪੂਰੀ ਜ਼ਿੰਮੇਵਾਰੀ ਨਾਲ ਬੱਚਿਆਂ ਦਾ ਧਿਆਨ ਰੱਖੇ। ਸਿੱਖਿਆ ਦੇ ਨਾਲ ਨਾਲ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਮ ਸਮੱਸਿਆਵਾਂ ਨਾਲ ਨਜਿੱਠਣ ਦੇ ਢੰਗ ਤਰੀਕੇ ਵੀ ਦੱਸੇ। ਕਈ ਸਰਕਾਰੀ ਅਧਿਆਪਕਾਂ ਦੇ ਮਨ ਵਿੱਚ ਇਹ ਗੱਲਾਂ ਉੱਠਦੀਆਂ ਹੋਣਗੀਆਂ, ‘ਅਸੀਂ ਕੀ ਕਰੀਏ... ਬਥੇਰਾ ਸਮਝਾਉਂਦੇ ਹਾਂ, ਇਹ ਸਮਝਦੇ ਹੀ ਨਹੀਂ, ਮਾਪੇ ਅਨਪੜ੍ਹ ਹਨ, ਘਰੇ ਬੱਚਿਆਂ ਨੂੰ ਪੜ੍ਹਨ ਨਹੀਂ ਬਿਠਾਉਂਦੇ, ਕੰਮਾਂ ਵਿੱਚ ਲਾ ਲੈਂਦੇ ਹਨ। ਰੋਜ਼ ਸਕੂਲ ਨਹੀਂ ਆਉਂਦੇ... ਅਸੀਂ ਤਾਂ ਔਖੇ ਹੋਏ ਪਏ ਹਾਂ।’ ਗੱਲ ਉਨ੍ਹਾਂ ਦੀ ਵੀ ਸਹੀ ਹੋ ਸਕਦੀ ਹੈ, ਪਰ ਅਧਿਆਪਕ ਨੂੰ ਆਪਣੀ ਅਸਲ ਕਮਾਈ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕੋਈ ਅਫਸਰ ਉਨ੍ਹਾਂ ਕੋਲ ਆ ਕੇ ਆਪਣੀ ਗੱਡੀ ਰੋਕਦਾ ਹੈ ਅਤੇ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਆਖਦਾ ਹੈ, ‘ਤੁਸੀਂ ਮੈਨੂੰ ਪੜ੍ਹਾਇਆ ਸੀ, ਤੁਸੀਂ ਮੇਰੀ ਮਦਦ ਕੀਤੀ ਸੀ ਜਾਂ ਫਿਰ ਤੁਹਾਡੀ ਕਹੀ ਫਲਾਣੀ ਗੱਲ ਮੇਰੇ ਅੰਦਰ ਛਪ ਗਈ ਜਿਸ ਕਰਕੇ ਅੱਜ ਮੈਂ ਇਸ ਮੁਕਾਮ ’ਤੇ ਹਾਂ’। ਇਸ ਤਰ੍ਹਾਂ ਦੀ ਗੱਲ ਕਿਸੇ ਵੀ ਅਧਿਆਪਕ ਲਈ ਮਾਣ ਅਤੇ ਰੂਹ ਤੱਕ ਸਕੂਨ ਪਹੁੰਚਾਉਣ ਵਾਲੀ ਹੁੰਦੀ ਹੈ। ਅਧਿਆਪਕ ਦਾ ਬੱਚਿਆਂ ਅੰਦਰ ਸੁੱਟਿਆ ਨੇਕੀ ਦਾ ਬੀਜ ਪੁੰਗਰਦਾ ਹੈ ਤਾਂ ਇਸ ਨੇਕੀ ਦਾ ਜਲੌਅ ਬੇਈਮਾਨਾਂ ਨੂੰ ਭਾਜੜਾਂ ਪਾ ਦਿੰਦਾ ਹੈ। ਮੇਰਾ ਸੋਚਣਾ ਹੈ ਕਿ ਜੇਕਰ ਸਕੂਲ ਵਾਲੇ ਸਮੇਂ ਵਿੱਚ ਵੀ ਅਧਿਆਪਕ ਬੱਚਿਆਂ ਨੂੰ ਇਮਾਨਦਾਰੀ ਨਾਲ ਪੜ੍ਹਾਉਣ, ਉਨ੍ਹਾਂ ਦੇ ਪੂਰੇ ਪੀਰੀਅਡ ਲਗਾਉਣ, ਉਨ੍ਹਾਂ ਵਿੱਚ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਤਾਂ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ। ਸਿੱਧੀ ਜਿਹੀ ਗੱਲ ਹੈ ਜਦੋਂ ਬੰਦਾ ਤਿਆਰ ਹੋ ਕੇ ਆਪਣੀ ਕਰਮ ਭੂਮੀ ਤੱਕ ਪਹੁੰਚ ਹੀ ਗਿਆ ਫਿਰ ਕਰਮ ਕਰਨ ਵਿੱਚ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦੋਂ ਬੱਚਿਆਂ ਨੂੰ ਪੜ੍ਹਨ ਲਈ ਕਿਹਾ ਜਾਂਦਾ ਹੈ ਤਾਂ ਬਹੁਤੇ ਬੱਚਿਆਂ ਦਾ ਇਹੀ ਜਵਾਬ ਹੁੰਦਾ ਹੈ, ‘ਪੜ੍ਹ ਕੇ ਕਿਹੜਾ ਨੌਕਰੀਆਂ ਮਿਲਦੀਆਂ ਨੇ।’ ਇਹ ਗੱਲ ਬਿਲਕੁਲ ਸਹੀ ਹੈ ਪਰ ਇਹ ਵੀ ਸਹੀ ਹੈ ਕਿ ਭਾਵੇਂ ਨੌਕਰੀਆਂ ਸਾਰੇ ਪੜ੍ਹੇ ਲਿਖਿਆਂ ਨੂੰ ਨਹੀਂ ਮਿਲਦੀਆਂ ਪਰ ਜਿੰਨਿਆਂ ਨੂੰ ਵੀ ਮਿਲਦੀਆਂ ਹਨ ਉਹ ਪੜ੍ਹੇ ਲਿਖਿਆਂ ਨੂੰ ਹੀ ਮਿਲਦੀਆਂ ਹਨ। ਪੜ੍ਹਾਈ ਸਿਰਫ਼ ਨੌਕਰੀ ਪ੍ਰਾਪਤ ਕਰਨ ਲਈ ਨਹੀਂ ਹੁੰਦੀ ਸਗੋਂ ਜ਼ਿੰਦਗੀ ਨੂੰ ਖ਼ੂਬਸੂਰਤ ਤਰੀਕੇ ਨਾਲ ਜਿਉਣ ਲਈ ਵੀ ਗਿਆਨ ਹੋਣਾ ਜ਼ਰੂਰੀ ਹੈ। ਅਧਿਆਪਕਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ। ਉਹ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ, ਮਾਰਨਾ ਤਾਂ ਦੂਰ ਦੀ ਗੱਲ ਹੈ। ਕਈ ਅਧਿਆਪਕ ਇਹੋ ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਬਹੁਤ ਸਾਰੇ ਆਪਣੇ ਕਿੱਤੇ ਨੂੰ ਸਮਰਪਿਤ ਹੁੰਦੇ ਹਨ। ਬੱਚਿਆਂ ਦੀ ਬਿਹਤਰੀ ਲਈ ਨਵੇਂ ਨਵੇਂ ਢੰਗ ਤਰੀਕੇ ਖੋਜ ਕੇ, ਉਨ੍ਹਾਂ ਨੂੰ ਅਮਲ ਵਿੱਚ ਲਿਆ ਕੇ, ਸਿਖਾਉਣ ਦੇ ਤਰੀਕੇ ਨੂੰ ਦਿਲਚਸਪ ਬਣਾ ਦਿੰਦੇ ਹਨ ਅਤੇ ਇਸ ਦੇ ਕਮਾਲ ਦੇ ਨਤੀਜੇ ਸਾਹਮਣੇ ਆਉਂਦੇ ਹਨ। ਕੁਝ ਕੁ ਅਧਿਆਪਕ ਇਹੋ ਜਿਹੇ ਹੁੰਦੇ ਹਨ ਜੋ ਅੱਧਾ ਪੀਰੀਅਡ ਲੰਘਣ ਤੋਂ ਬਾਅਦ ਜਮਾਤ ਵਿੱਚ ਜਾਂਦੇ ਹਨ ਜਾਂ ਪੂਰਾ ਪੀਰੀਅਡ ਜਾਂਦੇ ਹੀ ਨਹੀਂ। ਇੱਕ ਅੱਧਾ ਦਿਨ ਇਸ ਤਰ੍ਹਾਂ ਹੋਵੇ ਤਾਂ ਅਣਦੇਖਿਆ ਕੀਤਾ ਜਾ ਸਕਦਾ ਹੈ, ਪਰ ਰੋਜ਼ ਰੋਜ਼ ਇਸ ਤਰ੍ਹਾਂ ਕਰਨਾ ਕਿਸੇ ਅਧਿਆਪਕ ਨੂੰ ਸ਼ੋਭਾ ਨਹੀਂ ਦਿੰਦਾ। ਇਹੋ ਜਿਹੇ ਕੁਝ ਕੁ ਅਧਿਆਪਕ ਇਸ ਪਵਿੱਤਰ ਕਾਰਜ ’ਤੇ ਦੂਜਿਆਂ ਨੂੰ ਉਂਗਲ ਚੁੱਕਣ ਲਈ ਮਜਬੂਰ ਕਰ ਦਿੰਦੇ ਹਨ। ਇਸ ਤਰ੍ਹਾਂ ਦੀ ਅਣਗਹਿਲੀ ਬੱਚਿਆਂ ਦਾ ਬਹੁਤ ਨੁਕਸਾਨ ਕਰਦੀ ਹੈ।
ਇੱਕ ਵਾਰ ਕਿਸੇ ਅਧਿਆਪਕ ਨੇ ਸਕੂਲ ਦੇ ਬੱਚਿਆਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਹੜਾ ਅਧਿਆਪਕ ਚੰਗਾ ਲੱਗਦਾ ਹੈ। ਬੱਚਿਆਂ ਨੇ ਇੱਕ ਸਾਂਵਲੀ, ਸਾਦ-ਮੁਰਾਦੀ, ਬੱਚਿਆਂ ਅਤੇ ਸਕੂਲ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸ਼ਿੱਦਤ ਨਾਲ ਨਿਭਾਉਣ ਵਾਲੀ ਅਧਿਆਪਕਾ ਦਾ ਨਾਂ ਲੈ ਦਿੱਤਾ। ਆਪਣੇ ਆਪ ਨੂੰ ਹਮੇਸ਼ਾ ਖ਼ੂਬਸੂਰਤ ਬਣਾਈ ਰੱਖਣ ਵਾਲੀ ਅਧਿਆਪਕਾ, ਜਿਹੜੀ ਆਪਣੇ ਬੁੱਲ੍ਹਾਂ ਦੀ ਫਿੱਕੀ ਹੋਈ ਸੁਰਖ਼ੀ ਨੂੰ ਸਕੂਲ ਵਿੱਚ ਬੈਠੀ ਕਈ ਵਾਰ ਗੂੜ੍ਹੀ ਕਰਦੀ ਸੀ ਬੱਚਿਆਂ ਦੀ ਗੱਲ ਸੁਣ ਕੇ, ਨੂੰ ਘਬਰਾਹਟ ਮਹਿਸੂਸ ਹੋਣ ਲੱਗੀ। ਦੂਸਰੇ ਦਿਨ ਉਸ ਦਾ ਸਕੂਲ ਜਾਣ ਨੂੰ ਚਿੱਤ ਨਾ ਕਰੇ। ਜੇ ਉਸ ਨੇ ‘ਸੋਹਣਾ ਉਹ ਜੋ ਸੋਹਣੇ ਕੰਮ ਕਰੇ’ ਵਾਲੀ ਇਬਾਰਤ ’ਤੇ ਅਮਲ ਕੀਤਾ ਹੁੰਦਾ ਤਾਂ ਫਿਰ ਉਸ ਨੂੰ ਚਿੰਤਾ, ਦੁੱਖ, ਘਬਰਾਹਟ ਮਹਿਸੂਸ ਨਹੀਂ ਸੀ ਹੋਣੀ। ਫ਼ਰਜ਼ਾਂ ਤੋਂ ਟਾਲ਼ਾ ਵੱਟਣ ਵਾਲੇ ਅਧਿਆਪਕਾਂ ਨੂੰ ਪਛਾਣਨ ਵਾਲੀ ਅੱਖ ਬੱਚਿਆਂ ਕੋਲ ਵੀ ਹੁੰਦੀ ਹੈ।
ਬੱਚਿਆਂ ਨੂੰ ਸਹੀ ਗਲਤ ਦੱਸਣਾ ਅਧਿਆਪਕਾਂ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਹੈ। ਘਰ ਗਲਤੀਆਂ ਕਰਨ ਦੇ ਉਨ੍ਹਾਂ ਕੋਲ ਮੌਕੇ ਨਹੀਂ ਹੁੰਦੇ, ਸਕੂਲ ਵਿੱਚ ਉਸ ਸਮੇਂ ਇਨ੍ਹਾਂ ਬੱਚਿਆਂ ਨੂੰ ਮੌਕੇ ਮਿਲਦੇ ਹਨ। ਜਦੋਂ ਉਨ੍ਹਾਂ ਨੂੰ ਬਹੁਤੀ ਖੁੱਲ੍ਹ ਦਿੱਤੀ ਜਾਂਦੀ ਹੈ। ਬੱਚੇ ਆਪਣੀ ਨਾਜ਼ੁਕ ਉਮਰ ਦੇ ਦੌਰ ਵਿੱਚੋਂ ਲੰਘ ਰਹੇ ਹੁੰਦੇ ਹਨ ਜਿਸ ਨੂੰ ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਦਾ ਨਾਂ ਦਿੱਤਾ ਹੈ। ਸਾਰੇ ਅਧਿਆਪਕਾਂ ਨੇ ਮਨੋਵਿਗਿਆਨ ਦੀ ਪੜ੍ਹਾਈ ਕੀਤੀ ਹੁੰਦੀ ਹੈ। ਪਰ ਹਾਲਾਤ ਕੁਝ ਏਦਾਂ ਦੇ ਹੋ ਗਏ ਹਨ ਕਿ ਕਈ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਵਿਹਾਰ ਤੋਂ ਦੁਖੀ ਹੁੰਦੇ ਹਨ ਉਹ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਠੀਕ ਗ਼ਲਤ ਨਹੀਂ ਸਮਝਾ ਸਕਦੇ। ਕਿਤੇ ਤਾਂ ਕਮੀ ਹੋਵੇਗੀ। ਕਈ ਅਧਿਆਪਕ ਸੱਚੀਂ ਬੱਚਿਆਂ ਨੂੰ ਗਿਆਨ ਰੂਪੀ ਰੋਸ਼ਨੀ ਦੇਣ ਲਈ ਦੀਵੇ ਵਾਂਗ ਬਲਦੇ ਹਨ, ਪਰ ਕਈ ਆਪਣਾ ਗਿਆਨ ਬੱਚਿਆਂ ਨੂੰ ਵੰਡਣ ਦੀ ਥਾਂ ਆਪਣੇ ਅੰਦਰ ਸਾਂਭ ਕੇ ਹੀ ਸੇਵਾਮੁਕਤ ਹੋ ਜਾਂਦੇ ਹਨ। ਦੋ ਚਾਰ ਕੁ ਏਦਾਂ ਦੇ ਵੀ ਹੁੰਦੇ ਹਨ ਜੋ ਬੱਚਿਆਂ ਨੂੰ ਵੰਡੀ ਨਿੱਕੀ ਨਿੱਕੀ ਚੀਜ਼ ਦਾ ਹਿਸਾਬ ਰੱਖਦੇ ਹਨ, ਸਬੂਤ ਤਿਆਰ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਸਟੇਟ ਐਵਾਰਡ ਜਾਂ ਕੋਈ ਵੀ ਐਵਾਰਡ ਮਿਲ ਸਕੇ; ਪਰ ਜੇਕਰ ਅਧਿਆਪਕ ਦੀ ਮਿਹਨਤ ਨਾਲ ਬੱਚੇ ਸਹੀ ਰਾਹ ’ਤੇ ਤੁਰਦੇ ਹਨ, ਚੰਗੇ ਨਾਗਰਿਕ, ਚੰਗੇ ਇਨਸਾਨ ਬਣਦੇ ਹਨ ਤਾਂ ਅਧਿਆਪਕ ਲਈ ਇਸ ਤੋਂ ਵੱਡਾ ਐਵਾਰਡ ਕੋਈ ਨਹੀਂ ਹੋ ਸਕਦਾ। ਸੁਣਨ ਵਿੱਚ ਆਇਆ ਹੈ ਕਿ ਐਵਾਰਡ ਲੈਣ ਲਈ ਅਧਿਆਪਕ ਖ਼ੁਦ ਫਾਈਲਾਂ ਤਿਆਰ ਕਰਕੇ ਅਪਲਾਈ ਕਰਦੇ ਹਨ। ਆਮ ਨਾਗਰਿਕ ਹੋਣ ਨਾਤੇ ਮੈਨੂੰ ਲੱਗਦਾ ਹੈ ਕਿ ਅਧਿਆਪਕਾਂ ਦਾ ਕੰਮ ਦੇਖ ਕੇ ਵਿਭਾਗ ਉਨ੍ਹਾਂ ਦੇ ਨਾਂ ਐਵਾਰਡ ਲਈ ਭੇਜੇ।
ਕੁਝ ਵੀ ਹੋਵੇ ਅਧਿਆਪਕ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬੱਚੇ ਹਨ। ਉਨ੍ਹਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ, ਚੰਗੇ ਮਾੜੇ ਰਾਹਾਂ ਦੀਆਂ ਔਕੜਾਂ ਤੋਂ ਬਚਣ ਦੇ ਰਾਹ ਦੱਸਣਾ, ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੋਣਾ, ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ, ਉਨ੍ਹਾਂ ਦੀਆਂ ਰਚਨਾਤਮਕ ਰੁਚੀਆਂ ਨੂੰ ਬਾਹਰ ਕੱਢਣਾ ਅਤੇ ਸਭ ਤੋਂ ਵੱਡੀ ਗੱਲ ਉਨ੍ਹਾਂ ਅੰਦਰ ਚੰਗੇ ਇਨਸਾਨ ਬਣਨ ਦੇ ਗੁਣ ਭਰਨੇ ਬਹੁਤ ਜ਼ਰੂਰੀ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਧਿਆਪਕਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਕਿ ਸੋਹਣੇ ਯਤਨਾਂ ਨਾਲ ਬੱਚਿਆਂ ਦਾ ਭਵਿੱਖ ਖ਼ੂੁਬਸੂਰਤ ਹੋਵੇ। ਸੋਹਣਾ ਸਮਾਜ, ਸੋਹਣਾ ਦੇਸ਼ ਅਤੇ ਸੋਹਣੀ ਦੁਨੀਆ ਦੀ ਸਿਰਜਨਾ ਵਿੱਚ ਆਪਣਾ ਬਣਦਾ ਹਿੱਸਾ ਪਾਇਆ ਜਾ ਸਕੇ।
ਸੰਪਰਕ: 98767-14004