ਨਵੀਂ ਸੰਸਦ ਨੂੰ ‘ਮੋਦੀ ਮਲਟੀਪਲੈਕਸ ਜਾਂ ਮੋਦੀ ਮੈਰੀਅਟ’ ਕਹਿਣਾ ਸਹੀ: ਕਾਂਗਰਸ
ਨਵੀਂ ਦਿੱਲੀ, 23 ਸਤੰਬਰ
ਕਾਂਗਰਸ ਨੇ ਅੱਜ ਨਵੇਂ ਸੰਸਦ ਭਵਨ ਦੀ ਵਾਸਤੂ ਕਲਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਨੂੰ ਨਿਸ਼ਾਨੇ ’ਤੇ ਲਿਆ ਅਤੇ ਦੋਸ਼ ਲਾਇਆ ਕਿ ਇਸ ਨੇ ਲੋਕਤੰਤਰ ਅਤੇ ਵਾਰਤਾ ਦੀ ਹੱਤਿਆ ਕਰ ਦਿੱਤੀ ਹੈ। ਦੂਜੇ ਪਾਸੇ ਭਾਜਪਾ ਨੇ ਇਸ ਦੋਸ਼ ਨੂੰ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਦਾ ਅਪਮਾਨ ਦੱਸਿਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਨਵੇਂ ਸੰਸਦ ਭਵਨ ਨੂੰ ‘ਮੋਦੀ ਮਲਟੀਪਲੈਕਸ ਜਾਂ ਮੋਦੀ ਮੈਰੀਅਟ’ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਸ਼ਾਇਦ 2024 ਵਿੱਚ ਸੱਤਾ ਤਬਦੀਲੀ ਮਗਰੋਂ ਨਵੇਂ ਸੰਸਦ ਭਵਨ ਦੀ ਬਿਹਤਰ ਵਰਤੋਂ ਹੋ ਸਕੇਗੀ।’ ਰਮੇਸ਼ ਨੇ ਕਿਹਾ, ‘ਇੰਨੇ ਪ੍ਰਚਾਰ ਨਾਲ ਲਾਂਚ ਕੀਤਾ ਗਿਆ ਨਵਾਂ ਸੰਸਦ ਭਵਨ ਅਸਲ ਵਿੱਚ ਪ੍ਰਧਾਨ ਮੰਤਰੀ ਦੇ ਮਕਸਦਾਂ ਨੂੰ ਚੰਗੀ ਤਰ੍ਹਾਂ ਸਾਕਾਰ ਕਰਦਾ ਹੈ। ਇਸ ਨੂੰ ‘ਮੋਦੀ ਮਲਟੀਪਲੈਕਸ ਜਾਂ ਮੋਦੀ ਮੈਰੀਅਟ’ ਕਿਹਾ ਜਾਣਾ ਚਾਹੀਦਾ ਹੈ। ਚਾਰ ਦਿਨਾਂ ਅੰਦਰ ਮੈਂ ਦੇਖਿਆ ਕਿ ਦੋਵਾਂ ਸਦਨਾਂ ਅੰਦਰ ਅਤੇ ਲਾਬੀ ’ਚ ਗੱਲਬਾਤ ਬੰਦ ਹੋ ਗਈ ਹੈ। ਜੇਕਰ ਵਾਸਤੂ ਕਲਾ ਲੋਕਤੰਤਰ ਨੂੰ ਮਾਰ ਸਕਦੀ ਹੈ ਤਾਂ ਸੰਵਿਧਾਨ ਨੂੰ ਮੁੜ ਲਿਖੇ ਬਿਨਾਂ ਵੀ ਪ੍ਰਧਾਨ ਮੰਤਰੀ ਪਹਿਲਾਂ ਹੀ ਕਾਮਯਾਬ ਹੋ ਚੁੱਕੇ ਹਨ।’
ਦੂਜੇ ਪਾਸੇ ਜਵਾਬੀ ਹਮਲਾ ਕਰਦਿਆਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ, ‘ਕਾਂਗਰਸ ਪਾਰਟੀ ਦੇ ਹੇਠਲੇ ਮਾਪਦੰਡ ਦੇ ਹਿਸਾਬ ਨਾਲ ਇਹ ਇੱਕ ਤਰਸਯੋਗ ਮਾਨਸਿਕਤਾ ਹੈ। ਇਹ 140 ਕਰੋੜ ਭਾਰਤੀਆਂ ਦੀਆਂ ਖਾਹਿਸ਼ਾਂ ਦੇ ਅਪਮਾਨ ਤੋਂ ਇਲਾਵਾ ਕੁਝ ਨਹੀਂ ਹੈ।’ ਉਨ੍ਹਾਂ ਐਕਸ ’ਤੇ ਲਿਖਿਆ ਕਿ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਸੰਸਦ ਵਿਰੋਧੀ ਹੋਈ ਹੈ। ਉਨ੍ਹਾਂ 1975 ਵਿੱਚ ਵੀ ਕੋਸ਼ਿਸ਼ ਕੀਤੀ ਸੀ ਪਰ ਬੁਰੀ ਤਰ੍ਹਾਂ ਨਾਕਾਮ ਹੋਈ ਸੀ। ਇਸੇ ਤਰ੍ਹਾਂ ਭਾਜਪਾ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪੂਰੇ ਭਾਰਤ ’ਚ ਪਰਿਵਾਰਵਾਦੀ ਅੱਡਿਆਂ ਦਾ ਮੁਲਾਂਕਣ ਕਰਨ ਤੇ ਉਨ੍ਹਾਂ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ। -ਪੀਟੀਆਈ