ਇਹ ਕਿਸੇ ਦੇ ਪੁਰਖਿਆਂ ਦੀ ਜਾਇਦਾਦ ਨਹੀਂ: ਕੰਗਨਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਅੱਜ ਸੂਬੇ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਉਸ ਨੂੰ ਧਮਕੀ ਨਹੀਂ ਦੇ ਸਕਦੇ ਅਤੇ ਨਾ ਹੀ ਉਸ ਨੂੰ ਵਾਪਸ ਜਾਣ ਲਈ ਕਹਿ ਸਕਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਪੁਰਖਿਆਂ ਦੀ ਜਾਇਦਾਦ ਨਹੀਂ ਹੈ। ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਮੁਖੀ ਪ੍ਰਤਿਭਾ ਸਿੰਘ ਦੇ ਪੁੱਤਰ ਤੇ ਹਿਮਾਚਲ ਪ੍ਰਦੇਸ਼ ਦੇ ਪੀਡਬਲਯੂਡੀ ਮੰਤਰੀ ਵਿਕਰਮਾਦਿੱਤਿਆ ਸਿੰਘ ਮੰਡੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰਾਂ ਦੀ ਦੌੜ ’ਚ ਸਭ ਤੋਂ ਅੱਗੇ ਹਨ। ਕੰਗਨਾ ਰਣੌਤ ਨੇ ਮਨਾਲੀ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਹ ਤੁਹਾਡੇ ਪਿਓ-ਦਾਦਿਆਂ ਦੀ ਰਿਆਸਤ ਨਹੀਂ ਕਿ ਤੁਸੀਂ ਮੈਨੂੰ ਡਰਾ ਦੇਵੋਗੇ, ਧਮਕਾ ਕੇ ਵਾਪਸ ਭੇਜ ਦੋਵੇਗੇ।’ ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਭਾਰਤ ਹੈ ਜਿੱਥੇ ਕੋਈ ਚਾਹ ਵੇਚਣ ਵਾਲੇ ਛੋਟਾ ਤੇ ਗਰੀਬ ਲੜਕਾ ਲੋਕਾਂ ਦਾ ਪ੍ਰਧਾਨ ਸੇਵਕ ਬਣਿਆ। ਜ਼ਿਕਰਯੋਗ ਹੈ ਕਿ ਵਿਕਰਮਾਦਿੱਤਿਆ ਨੇ ਬੀਤੇ ਦਿਨੀਂ ਕੰਗਨਾ ਰਣੌਤ ਨੂੰ ‘ਵਿਵਾਦਾਂ ਦੀ ਕੁਈਨ’ ਕਿਹਾ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਤੇ ਵਿਕਰਮਾਦਿੱਤਿਆ ਨੂੰ ਅਸਿੱਧੇ ਢੰਗ ਨਾਲ ‘ਪੱਪੂ’ ਆਖਦਿਆਂ ਕੰਗਨਾ ਨੇ ਕਿਹਾ ਕਿ ਇੱਕ ‘ਵੱਡਾ ਪੱਪੂ’ ਦਿੱਲੀ ਵਿਚ ਹੈ ਅਤੇ ‘ਛੋਟਾ ਪੱਪੂ’ ਹਿਮਾਚਲ ’ਚ ਹੈ ਜੋ ਕਹਿ ਰਿਹਾ ਹੈ ਕਿ ਉਹ ਗਾਂ ਦਾ ਮਾਸ ਖਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਉਸ ਦੇ ਗਾਂ ਦਾ ਮਾਸ ਖਾਣ ਦਾ ਸਬੂਤ ਕਿਉਂ ਨਹੀਂ ਪੇਸ਼ ਕਰਦੇ। ਉਸ ਨੇ ਕਿਹਾ, ‘ਮੈਂ ਆਪਣੇ ਮਾਤਾ-ਪਿਤਾ ਦੀ ਮਦਦ ਤੋਂ ਬਿਨਾਂ ਹੀ ਫਿਲਮ ਇੰਡਸਟਰੀ ’ਚ ਨਾਂ ਕਮਾਇਆ। ਮੈਂ ਹੁਣ ਸਿਆਸਤ ’ਚ ਆ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ।’ -ਪੀਟੀਆਈ