ਕਾਨੂੰਨੀ ਪ੍ਰਕਿਰਿਆ ਨੂੰ ਅਸਰਅੰਦਾਜ਼ ਕਰਨ ਵਾਲੇ ਕਦਮ ਉਠਾਉਣਾ ਠੀਕ ਨਹੀਂ: ਚੋਣ ਕਮਿਸ਼ਨ
ਨਵੀਂ ਦਿੱਲੀ: ਚੋਣਾਂ ਦੌਰਾਨ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਸਬੰਧੀ ਵਿਰੋਧੀ ਧਿਰ ਦੇ ਦੋਸ਼ਾਂ ਵਿਚਾਲੇ ਅੱਜ ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਸਾਰੀਆਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਲਈ ਪ੍ਰਚਾਰ ਦੇ ਇੱਕੋ ਵਰਗੇ ਨਿਯਮ ਲਾਗੂ ਕਰਨ ਲਈ ਵਚਨਬੱਧ ਹੈ ਪਰ ਕਾਨੂੰਨੀ ਤੇ ਨਿਆਂ ਪ੍ਰਕਿਰਿਆ ਨੂੰ ਅਸਰਅੰਦਾਜ਼ ਕਰਨ ਵਾਲੇ ਕਦਮ ਉਠਾਉਣਾ ਸਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਵਿਚਲੀਆਂ ਕਈ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਦੋਸ਼ ਲਗਾਏ ਸਨ ਕਿ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਕ ਬਿਆਨ ਵਿੱਚ ਚੋਣ ਕਮਿਸ਼ਨ ਨੇ ਕਿਹਾ, ‘‘ਹਾਲਾਂਕਿ ਕਮਿਸ਼ਨ ਸਾਰੀਆਂ ਸਿਆਸੀ ਪਾਰਟੀਆਂ ਤੇ ਸਾਰੇ ਉਮੀਦਵਾਰਾਂ ਲਈ ਪ੍ਰਚਾਰ ਦੇ ਇੱਕੋ ਵਰਗੇ ਨਿਯਮ ਲਾਗੂ ਕਰਨ ਲਈ ਵਚਨਬੱਧ ਹੈ ਪਰ ਉਹ ਅਜਿਹੇ ਕਦਮ ਉਠਾਉਣਾ ਠੀਕ ਨਹੀਂ ਸਮਝਦੀ ਹੈ ਜਿਹੜੇ ਕਿ ਕਾਨੂੰਨੀ ਜਾਂ ਨਿਆਂ ਪ੍ਰਕਿਰਿਆ ਨੂੰ ਅਸਰਅੰਦਾਜ਼ ਕਰਦੇ ਹੋਣ।’’ -ਪੀਟੀਆਈ
ਸਿਆਸੀ ਪਾਰਟੀਆਂ ਕੋਲੋਂ ਪ੍ਰਚਾਰ ’ਚ ਇਸਤੇਮਾਲ ਜਹਾਜ਼ਾਂ ਜਾਂ ਹੈਲੀਕਾਪਟਰਾਂ ਦੇ ਵੇਰਵੇ ਮੰਗੇ
ਮੁੰਬਈ: ਭਾਰਤੀ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ ਇਸਤੇਮਾਲ ਕੀਤੇ ਜਾ ਰਹੇ ਜਹਾਜ਼ਾਂ ਤੇ ਹੈਲੀਕਾਪਟਰਾਂ ਬਾਰੇ ਵੇਰਵੇ ਦੇਣ ਲਈ ਕਿਹਾ ਹੈ। ਇਨ੍ਹਾਂ ਵੇਰਵਿਆਂ ਵਿੱਚ ਸਿਆਸੀ ਆਗੂਆਂ ਦੇ ਮੂਲ ਸਥਾਨ ਤੇ ਮੰਜ਼ਿਲ ਅਤੇ ਉਨ੍ਹਾਂ ਵਿੱਚ ਸਵਾਰ ਲੋਕਾਂ ਦਾ ਵੇਰਵਾ ਵੀ ਸ਼ਾਮਲ ਹੈ। ਮੁੰਬਈ ਉਪ ਨਗਰ ਜ਼ਿਲ੍ਹੇ ਦੇ ਉਪ ਚੋਣ ਅਧਿਕਾਰੀ ਤੇਜਸ ਸੇਮਲ ਦੇ 12 ਅਪਰੈਲ ਦੇ ਇਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਕਰਨ ਤੋਂ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਚੋਣ ਦਫ਼ਤਰ ਨੂੰ ਇਹ ਜਾਣਕਾਰੀ ਦੇਣੀ ਹੋਵੇਗੀ। ਪੱਤਰ ਮੁਤਾਬਕ ਆਦਰਸ਼ ਚੋਣ ਜ਼ਾਬਤੇ ਤਹਿਤ ਇਹ ਜਾਣਕਾਰੀ ਜਮ੍ਹਾਂ ਕਰਨੀ ਹੋਵੇਗੀ ਜਿਸ ਨੂੰ ਚੋਣ ਕਮਿਸ਼ਨ ਨੂੰ ਭੇਜਿਆ ਜਾਵੇਗਾ। -ਪੀਟੀਆਈ