ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੌਖਾ ਨਹੀਂ ਪੰਜਾਬੀ ਕੁੜੀਆਂ ਲਈ ਕੈਨੇਡਾ ਰਹਿਣਾ

10:46 AM Mar 13, 2024 IST

ਮਨਪ੍ਰੀਤ ਕੌਰ ਲੌਂਗੋਵਾਲ

Advertisement

ਕੈਨੇਡਾ ਵਿੱਚ ਗਈਆਂ ਪੰਜਾਬੀ ਵਿਦਿਆਰਥਣਾਂ ਬਾਰੇ ਅਕਸਰ ਮਾੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਸੋਸ਼ਲ ਮੀਡੀਆ ’ਤੇ ਅਜਿਹਾ ਕੂੜ ਪ੍ਰਚਾਰ ਦੇਖਣ ਨੂੰ ਆਮ ਹੀ ਮਿਲ ਜਾਂਦਾ ਹੈ। ਕੁਝ ਸਮਾਂ ਪਹਿਲਾਂ ਤਾਂ ਪ੍ਰਿੰਟ ਅਤੇ ਇਲੈੱਕਟ੍ਰੌਨਿਕ ਮੀਡੀਆ ਵਿੱਚ ਵੀ ਇਹ ਕੂੜ ਪ੍ਰਚਾਰ ਦੇਖਣ ਤੇ ਸੁਣਨ ਨੂੰ ਮਿਲਿਆ ਸੀ। ਇਸ ਦੀ ਬਦੌਲਤ ਕੈਨੇਡਾ ਗਈਆਂ ਪੰਜਾਬੀ ਕੁੜੀਆਂ ਦੇ ਮਾਪਿਆਂ ਤੇ ਬਾਕੀ ਸਕੇ ਸਬੰਧੀਆਂ ਵਿੱਚ ਚਿੰਤਾ ਦਾ ਮਾਹੌਲ ਸਿਰਜਿਆ ਗਿਆ। ਜਦੋਂਕਿ ਅਜਿਹੀ ਕੋਈ ਗੱਲ ਨਹੀਂ ਹੈ।
ਮਾੜੇ ਮੁੰਡੇ-ਕੁੜੀਆਂ ਪੰਜਾਬ ਵਿੱਚ ਵੀ ਹੋ ਸਕਦੇ ਹਨ, ਪਰ ਕੈਨੇਡਾ ਤੋਂ ਸਾਹਮਣੇ ਆਏ ਕੁਝ ਕੁ ਮਾਮਲਿਆਂ ਨੂੰ ਇਸ ਤਰ੍ਹਾਂ ਉਭਾਰਿਆ ਗਿਆ ਕਿ ਕੈਨੇਡਾ ਰਹਿੰਦੀਆਂ ਜ਼ਿਆਦਾਤਰ ਪੰਜਾਬੀ ਕੁੜੀਆਂ ਗ਼ਲਤ ਕੰਮਾਂ ਵਿੱਚ ਪਈਆਂ ਹੋਈਆਂ ਹਨ। ਇਹ ਕਹਿਣ ਦੀ ਬਜਾਏ ਕਿ ਉੱਥੇ ਕੁਝ ਪੰਜਾਬੀ ਕੁੜੀਆਂ ਗ਼ਲਤ ਹਨ, ਦੀ ਥਾਂ ‘ਕੈਨੇਡਾ ਰਹਿੰਦੀਆਂ ਪੰਜਾਬੀ ਕੁੜੀਆਂ’ ਕਹਿ ਕੇ ਸਭਨਾਂ ਦਾ ਭੰਡੀ ਪ੍ਰਚਾਰ ਕੀਤਾ ਗਿਆ ਜੋ ਹੁਣ ਤੱਕ ਜਾਰੀ ਹੈ। ਇਸ ਨੇ ਮਾਪਿਆਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ।
ਇਨ੍ਹਾਂ ਕੁੜੀਆਂ ਪ੍ਰਤੀ ਕੀਤਾ ਜਾ ਰਿਹਾ ਅਜੀਬੋ-ਗਰੀਬ ਪ੍ਰਚਾਰ ਇਨ੍ਹਾਂ ਕੁੜੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲ ਰਿਹਾ ਹੈ ਜਾਂ ਕਹਿ ਲਈਏ ਕਿ ਸਮੁੰਦਰੋਂ ਪਾਰ ਮਿਹਨਤਕਸ਼ ਕੁੜੀਆਂ ਤੇ ਸਵਾਲੀਆ ਚਿੰਨ੍ਹ ਜਾਂ ਧੱਬੇ ਲਾ ਰਿਹਾ ਹੈ। ਕੁੜੀਆਂ ਪ੍ਰਤੀ ਇਸ ਤਰ੍ਹਾਂ ਦੀ ਸਨਸਨੀਖੇਜ਼ ਸਮੱਗਰੀ ਦੇਖ ਕੇ ਮੇਰਾ ਖੂਨ ਖੌਲ ਜਾਂਦਾ ਹੈ ਕਿ ਸਾਡੀ ਮਿਹਨਤ ਕਿਸ ਖਾਤੇ? ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਉਂ? ਮੇਰੇ ਮਨ ਵਿੱਚ ਸੈਂਕੜੇ ਸਵਾਲ ਆਉਂਦੇ ਹਨ ਕਿ ਮੈਂ ਜਾਂ ਮੇਰੇ ਵਰਗੀਆਂ ਮਿਹਨਤੀ ਕੁੜੀਆਂ ਜੋ ਆਪਣਾ ਸਾਰਾ ਘਰ-ਬਾਹਰ ਦਾ ਕੰਮ, ਨੌਕਰੀ ’ਤੇ ਰਾਤਾਂ ਨੂੰ ਆਉਣਾ-ਜਾਣਾ, ਇਕੱਲੇ ਘਰਾਂ ਵਿੱਚ ਰਹਿਣਾ, ਆਪਣੇ ਸਾਰੇ ਖ਼ਰਚਿਆਂ ਦਾ ਭਾਰ ਖ਼ੁਦ ਚੁੱਕਣਾ, ਆਪਣੀ ਪੜ੍ਹਾਈ ਪੂਰੀ ਕਰਨੀ ਤੇ ਪੂਰੇ ਜਜ਼ਬੇ ਨਾਲ ਕੰਮ ਕਰਨੇ, ਤਾਂ ਸਾਡੇ ਹਿੱਸੇ ਅਜਿਹਾ ਕੂੜ ਪ੍ਰਚਾਰ ਕਿਉਂ ਆਇਆ? ਇਸ ਗੱਲ ਤੋਂ ਪੂਰੀ ਤਰ੍ਹਾਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਮਾਜ ਵਿੱਚ ਇਸ ਬਾਰੇ ਭੈੜੇ ਤੱਥ ਜ਼ਰੂਰ ਹਨ ਪਰ ਸਾਰੇ ਕਿਤੇ ਨਹੀਂ।
ਜੇ ਕਿਤੇ ਕੁਝ ਥੋੜ੍ਹਾ ਗ਼ਲਤ ਹੁੰਦਾ ਹੈ ਤਾਂ ਉੱਥੇ ਕੁਝ ਸ਼ਬਦਾਂ ਦਾ ਇਸਤੇਮਾਲ ਹੋ ਸਕਦਾ ਹੈ। ਜਿਵੇਂ ਕਿ ਕੁਝ ਕੁੜੀਆਂ ਇਸ ਗ਼ਲਤ ਕੰਮ ਵਿੱਚ ਸ਼ਾਮਲ ਹਨ ਪਰ ‘ਕੈਨੇਡਾ ਵਿੱਚ ਰਹਿੰਦੀਆਂ ਪੰਜਾਬੀ ਕੁੜੀਆਂ’ ਵਾਕ ਸਭ ਨੂੰ ਸ਼ਾਮਲ ਕਰਦਾ ਹੈ। ਮੈਂ ਅਕਸਰ ਇਹ ਸੁਣਿਆ ਕਿ ਕੈਨੇਡਾ ਵਿੱਚ ਪੰਜਾਬੀ ਕੁੜੀਆਂ ਨਸ਼ੇ ਕਰਦੀਆਂ ਜਾਂ ਧੰਦਾ ਕਰਦੀਆਂ ਹਨ, ਆਪਣਾ ਸਰੀਰ ਵੇਚ ਦਿੰਦੀਆਂ ਹਨ। ਅਜਿਹਾ ਵੀ ਦੇਖਣ ਵਿੱਚ ਆਇਆ ਕਿ ਇੱਥੇ ਥੋੜ੍ਹੇ ਸਮੇਂ ਲਈ ਆਏ ਲੋਕ ਜਦੋਂ ਵਤਨ ਵਾਪਸੀ ਕਰਦੇ ਹਨ ਤਾਂ ਅਜਿਹਾ ਕੂੜ ਪ੍ਰਚਾਰ ਕਰਦੇ ਹਨ। ਕੱਲ੍ਹ ਨੂੰ ਮੈਂ ਵਤਨ ਵਾਪਸੀ ਕਰਾਂ, ਪੱਕੇ ਤੌਰ ’ਤੇ ਪੰਜਾਬ ਰਹਿਣ ਲਈ ਜਾਵਾਂ ਪਰ ਮੈਂ ਇੱਥੇ ਰਹਿੰਦੀਆਂ ਮਿਹਨਤੀ ਕੁੜੀਆਂ ਨੂੰ ਕਦੇ ਨਿੰਦਣ ਦਾ ਨਹੀਂ ਸੋਚਾਂਗੀ। ਮੇਰੇ ਕੋਲ ਕੋਈ ਹੱਕ ਨਹੀਂ ਕਿ ਜੇ ਮੈਂ ਇੱਥੋਂ ਚਲੀ ਗਈ ਤਾਂ ਬਾਕੀ ਕੁੜੀਆਂ ਬਾਰੇ ਭੰਡੀ-ਪ੍ਰਚਾਰ ਕਰਾਂ। ਇਹ ਸਮਾਜ ਦਾ ਸੱਚ ਹੈ ਕਿ ਜਿੱਥੇ ਚੰਗਿਆਈ ਹੈ ਉੱਥੇ ਬੁਰਿਆਈ ਵੀ ਹੈ। ਇਹ ਚੰਗਿਆਈ ਅਤੇ ਬੁਰਿਆਈ ਇੱਕੋ ਤੱਕੜੀ ਦੇ ਵੱਖੋ-ਵੱਖਰੇ ਪੱਲੜੇ ਹਨ। ਸੋ ਚੰਗੇ ਨੂੰ ਚੰਗਾ ਤੇ ਬੁਰੇ ਨੂੰ ਬੁਰਾ ਕਹਿ ਲਿਆ ਜਾਵੇ ਤਾਂ ਜੋ ਨਰੋਆ ਸਮਾਜ ਸਿਰਜ ਸਕੀਏ।
ਮੈਨੂੰ ਕੈਨੇਡਾ ਆਈ ਨੂੰ ਲਗਭਗ ਢਾਈ ਸਾਲ ਹੋ ਗਏ ਹਨ। ਮੈਂ ਨਿੱਜੀ ਤੌਰ ’ਤੇ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਨਹੀਂ ਮਿਲੀ। ਸੁਣਿਆ ਜ਼ਰੂਰ ਹੈ ਜੋ ਕੁਝ ਹੱਦ ਤੱਕ ਸੱਚ ਤੇ ਬਹੁਤ ਜ਼ਿਆਦਾ ਕੂੜ-ਪ੍ਰਚਾਰ ਹੈ। ਮੈਂ ਇੱਥੇ ਬਹੁਤ ਕੁੜੀਆਂ ਨੂੰ ਦੂਹਰੀਆਂ ਸ਼ਿਫਟਾਂ ਜਾਂ ਕਹਿ ਲਵੋ 16-18 ਘੰਟੇ ਕੰਮ ਕਰਦੇ ਦੇਖਿਆ ਹੈ। ਵਿਦਿਆਰਥੀ ਸੰਘਰਸ਼ਾਂ ਵਿੱਚ ਅਕਸਰ ਬਿਨਾਂ ਲਿੰਗਕ ਭੇਦਭਾਵ ਦੇ ਕੁੜੀਆਂ-ਮੁੰਡੇ ਬਰਾਬਰ ਸ਼ਾਮਲ ਹੁੰਦੇ ਹਨ। ਮੈਂ ਖ਼ੁਦ ਕਈ ਸੰਘਰਸ਼ਾਂ ਦਾ ਹਿੱਸਾ ਰਹਿ ਚੁੱਕੀ ਹਾਂ ਪਰ ਕਦੇ ਵੀ ਕੋਈ ਲਿਖਦਾ ਜਾਂ ਬੋਲਦਾ ਨਹੀਂ ਕਿ ਕੈਨੇਡਾ ਵਿੱਚ ਸੰਘਰਸ਼ ਕਰ ਰਹੀਆਂ ਕੁੜੀਆਂ। ਕੈਨੇਡਾ ਦੀ ਕੋਈ ਵੀ ਛੋਟੀ ਤੋਂ ਵੱਡੀ ਜਥੇਬੰਦੀ ਦੇਖ ਲਓ ਹਰ ਜਗ੍ਹਾ ਕੁੜੀਆਂ ਮਿਲ ਹੀ ਜਾਣਗੀਆਂ। ਕਦੇ ਉਨ੍ਹਾਂ ਨਾਲ ਕੋਈ ਗੱਲ ਕਰੇ ਤਾਂ ਉਹ ਆਪਣੀਆਂ ਗੱਲਾਂ ਰਾਹੀਂ ਅਜਿਹੇ ਤੱਥ ਪੇਸ਼ ਕਰਨਗੀਆਂ ਕਿ ਤੁਸੀਂ ਹੈਰਾਨ ਰਹਿ ਜਾਵੋਗੇ।
ਮੇਰੀ ਜਾਣ ਪਛਾਣ ਵਿੱਚ ਇੱਕ ਅੰਕਲ ਨੇ ਸੁਰਜੀਤ ਦੌਧਰ। ਮੇਰਾ ਉਨ੍ਹਾਂ ਪ੍ਰਤੀ ਬਹੁਤ ਸਤਿਕਾਰ ਹੈ। ਸਾਡੀ ਕੈਨੇਡਾ ਵਿੱਚ ਇੱਕ ਸੈਮੀਨਾਰ ਵਿੱਚ ਮੁਲਾਕਾਤ ਹੋਈ ਸੀ। ਉਨ੍ਹਾਂ ਨੇ ਕੁਝ ਵਿਚਾਰ ਮੇਰੇ ਨਾਲ ਸਾਂਝੇ ਵੀ ਕੀਤੇ ਤੇ ਹੌਸਲਾ ਵੀ ਦਿੱਤਾ। ਜਦੋਂ ਉਹ ਕੈਨੇਡਾ ਤੋਂ ਵਾਪਸ ਪੰਜਾਬ ਗਏ ਤਾਂ ਉਨ੍ਹਾਂ ਦੀ ਇੰਟਰਵਿਊ ਅਚਾਨਕ ਮੇਰੇ ਸਾਹਮਣੇ ਆ ਗਈ। ਪੱਤਰਕਾਰ ਨੇ ਸਵਾਲ ਪੁੱਛਿਆ ਕਿ ਜਿਵੇਂ ਅਕਸਰ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, “ਕੀ ਕੈਨੇਡਾ ਵਿੱਚ ਕੁੜੀਆਂ ਗ਼ਲਤ ਕੰਮ ਕਰਦੀਆਂ ਹਨ?” ਤਾਂ ਉਨ੍ਹਾਂ ਨੇ ਸੱਚ ਦਰਸਾਉਂਦੇ ਹੋਏ ਅੱਖੀਂ ਦੇਖਿਆ ਸੱਚ ਬਿਆਨ ਕਰਦਿਆਂ ਕਿਹਾ ਕਿ ਕੁੜੀਆਂ ਕੋਲ ਏਨਾ ਸਮਾਂ ਕਿੱਥੇ, ਉਨ੍ਹਾਂ ਕੋਲ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ। ਉਨ੍ਹਾਂ ਕੋਲ ਖਾਣ ਲਈ ਸਮਾਂ ਨਹੀਂ। ਉਹ ਕਾਲਜ ਤੋਂ ਆਉਂਦੀਆਂ ਤੇ ਫਿਰ ਕੰਮ ’ਤੇ ਜਾਣਾ ਹੁੰਦਾ। ਬੱਸਾਂ ਵਿੱਚ ਰੋਜ਼ ਬਹੁਤ ਸਮਾਂ ਲੱਗਦਾ। ਉਹ ਤਾਂ ਵਿਚਾਰੀਆਂ ਭੱਜੀਆਂ ਜਾਂਦੀਆਂ। ਦੁਕਾਨਾਂ ਤੋਂ ਕੌਫੀ ਤੇ ਬਰੈੱਡ ਲੈ ਕੇ ਆਪਣੇ ਕੰਮ ਜਾਂ ਕਾਲਜ ਜਾਂਦੀਆਂ ਹਨ। ਜੋ ਗੱਲਾਂ ਉਨ੍ਹਾਂ ਕਹੀਆਂ ਹਨ ਉਹ ਬਿਲਕੁਲ ਸੱਚ ਹਨ। ਜੋ ਅਕਸਰ ਅਣਦੇਖੀਆਂ ਤੇ ਅਣਸੁਣੀਆਂ ਕਰ ਦਿੱਤੀਆਂ ਜਾਂਦੀਆਂ ਹਨ।
ਜੇ ਕੁੜੀਆਂ ਨੂੰ ਕੈਨੇਡਾ ਵਿੱਚ ਆਜ਼ਾਦੀ ਮਿਲੀ ਹੈ ਤਾਂ ਉਹ ਪੜ੍ਹਾਈ ਕਰਦੀਆਂ, ਮੁੰਡਿਆਂ ਬਰਾਬਰ ਕੰਮ ਕਰਦੀਆਂ, ਹਰ ਇੱਕ ਖਿੱਤੇ ਵਿੱਚ ਨਾਮ ਰੌਸ਼ਨ ਕਰ ਰਹੀਆਂ ਹਨ। ਭਾਵੇਂ ਉਹ ਕਾਰੋਬਾਰ ਹੋਵੇ, ਉੱਚ ਅਹੁਦੇ ਦੀਆਂ ਨੌਕਰੀਆਂ ਹੋਣ ਜਾਂ ਸੰਘਰਸ਼ ਹੋਣ। ਇੱਥੇ ਬਹੁਤ ਕੁੜੀਆਂ ਹਨ ਜੋ ਘਰੋਂ ਛੋਟੇ-ਛੋਟੇ ਕੰਮ ਚਲਾ ਕੇ ਆਪਣਾ ਘਰ ਚਲਾ ਰਹੀਆਂ ਹਨ ਤੇ ਸੇਵਾਵਾਂ ਵੀ ਦੇ ਰਹੀਆਂ ਹਨ ਭਾਵੇਂ ਉਹ ਟਿਫਨ ਸਰਵਿਸ ਹੀ ਹੋਵੇ। ਸੈਲੂਨ ਸਰਵਿਸ ਜਾਂ ਹੱਥੀਂ ਕਿੱਤਾ ਕਰਨਾ, ਕਈ ਸਿਲਾਈ ਜਾਂ ਬੁਣਾਈ ਦਾ ਕੰਮ ਵੀ ਕਰਦੀਆਂ ਹਨ। ਜੇਕਰ ਜ਼ਮੀਨੀ ਪੱਧਰ ’ਤੇ ਕੰਮ ਕਰਦੀਆਂ ਕੁੜੀਆਂ ਨੂੰ ਦੇਖਿਆ ਜਾਵੇ ਤਾਂ ਇੱਕ ਵੱਡੀ ਲਿਸਟ ਬਣ ਜਾਵੇਗੀ। ਫਿਰ ਉਹ ‘ਕੈਨੇਡਾ ਰਹਿੰਦੀਆਂ’ ਮਾੜੀਆਂ ਕੁੜੀਆਂ ਕਿਤੇ ਨਜ਼ਰ ਨਹੀਂ ਆਉਣਗੀਆਂ।
ਹੁਣ ਜੇ ਗੱਲ ਕਰੀਏ ਨੌਕਰੀਆਂ ਦੀ ਤਾਂ ਕੁੜੀਆਂ ਕਿਹੜੇ ਖੇਤਰ ਵਿੱਚ ਕੰਮ ਨਹੀਂ ਕਰਦੀਆਂ, ਜਿੱਥੇ ਮੁੰਡੇ ਕੰਮ ਕਰਦੇ ਹੋਣ। ਭਾਵੇਂ ਕੋਈ ਭਾਰਾ ਕੰਮ ਵੀ ਕਿਉਂ ਨਾ ਹੋਵੇ। ਜੇ ਇੱਕ ਝਾਤ ਮਾਰ ਕੇ ਦੇਖਿਆ ਜਾਵੇ ਤਾਂ ਕੈਨੇਡਾ ਵਿੱਚ ਉਸਾਰੀ, ਰੰਗ ਕਰਨ, ਲੱਕੜੀ ਦਾ ਕੰਮ, ਫੂਡ ਸੈਕਟਰ, ਬੈਂਕ, ਕਾਲ ਸੈਂਟਰ, ਹੋਟਲ, ਰੈਸਟੋਰੈਂਟ, ਸਫ਼ਾਈ, ਸਕਿਊਰਿਟੀ ਗਾਰਡ, ਵੇਅਰਹਾਊਸ, ਟਰੱਕ ਚਲਾਉਣ, ਹਸਪਤਾਲ ਆਦਿ ਹੋਰ ਵੀ ਬਹੁਤ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਖੇਤਰ ਹਨ ਜਿੱਥੇ ਕੁੜੀਆਂ ਬਰਾਬਰ ਕੰਮ ਕਰਦੀਆਂ ਹਨ।
ਜੇ ਵਿਆਹੀਆਂ ਹੋਈਆਂ ਕੁੜੀਆਂ ਦੀ ਗੱਲ ਕਰੀਏ ਤਾਂ ਉਹ ਵੀ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ। ਜੋ ਪਿਛਲੇ ਸਮੇਂ ਤੋਂ ਰੁਝਾਨ ਚੱਲਿਆ ਹੋਇਆ ਹੈ ਕਿ ਕੁੜੀ ਆਈਲੈਟਸ ਕਰੂ ਤੇ ਖ਼ਰਚਾ ਮੁੰਡੇ ਵਾਲੇ ਕਰਨਗੇ ਤਾਂ ਉੱਥੇ ਜ਼ਿਆਦਾਤਰ ਕੁੜੀਆਂ ਇਮਾਨਦਾਰ ਹੁੰਦੀਆਂ ਹਨ ਜੋ ਕਿ ਆਪ ਸੈੱਟ ਹੋ ਕੇ ਆਪਣੇ ਜੀਵਨ ਸਾਥੀ ਨੂੰ ਬੁਲਾ ਕੇ ਸੈੱਟ ਹੀ ਨਹੀਂ ਕਰਦੀਆਂ ਬਲਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੈੱਟ ਕਰਦੀਆਂ ਹਨ। ਕੁਝ ਕੁ ਰਿਸ਼ਤੇ ਖ਼ਰਾਬ ਹੁੰਦੇ ਹਨ ਜਿਸ ਪਿੱਛੇ ਵੀ ਬਹੁਤ ਸਾਰੇ ਕਾਰਨ ਹੁੰਦੇ ਹਨ ਪਰ ਸਮਾਜ ਦੀ ਤ੍ਰਾਸਦੀ ਹੈ ਕਿ ਉਹ ਮਾੜੇ ਤੱਥਾਂ ’ਤੇ ਹੀ ਜ਼ੋਰ ਦਿੰਦਾ ਹੈ, ਕੁੜੀਆਂ ਦੀਆਂ ਚੰਗੀਆਂ ਗੱਲਾਂ ’ਤੇ ਨਹੀਂ।
ਇਸ ਗੱਲ ਤੋਂ ਆਪਾਂ ਸਾਰੇ ਜਾਣੂ ਹਾਂ ਕਿ ਸੱਤ ਸਮੁੰਦਰੋਂ ਪਾਰ ਆ ਕੇ ਵਸਣਾ ਕੋਈ ਸੌਖਾ ਨਹੀਂ ਨਾ ਹੀ ਕੁੜੀਆਂ ਲਈ ਤੇ ਨਾ ਹੀ ਮੁੰਡਿਆਂ ਲਈ। ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉੱਥੇ ਬਿਨਾਂ ਕਿਸੇ ਸ਼ੱਕ ਦੇ ਨਵੀਆਂ ਆਈਆਂ ਕੁੜੀਆਂ ਇੱਥੋਂ ਦੇ ਰਹਿਣ-ਸਹਿਣ, ਸਲੀਕੇ ਸਿੱਖਦੀਆਂ ਹਨ। ਬਹੁਤ ਔਕੜਾਂ ਦਾ ਸਾਹਮਣਾ ਕਰਦੀਆਂ ਹਨ ਜਿਵੇਂ ਕਿ ਬਿਨਾਂ ਬੈੱਡ ਤੋਂ ਫਰਸ਼ ’ਤੇ ਸੌਣਾ, ਬੱਸਾਂ ਵਿੱਚ ਲੰਮਾ ਸਫ਼ਰ ਕਰਨਾ। ਭੱਜ-ਭੱਜ ਕੇ ਕਾਲਜ ਜਾਣਾ, ਕੰਮ ’ਤੇ ਜਾਣਾ, ਘਰ ਤੇ ਰੋਜ਼ਮਰ੍ਹਾ ਜ਼ਿੰਦਗੀ ਦੇ ਹੋਰ ਬਹੁਤ ਕੰਮ ਹਨ। ਉੱਥੇ ਇਨ੍ਹਾਂ ਕੁੜੀਆਂ ਦੇ ਜੀਵਨ ਸਾਥੀ ਜਦੋਂ ਆਉਂਦੇ ਹਨ ਤਾਂ ਉਹ ਅੱਗੇ ਲੱਗ ਕੇ ਸਾਰੇ ਰਿਹਾਇਸ਼ੀ ਪ੍ਰਬੰਧ ਕਰਦੀਆਂ ਹਨ ਜੋ ਉਨ੍ਹਾਂ ਨੂੰ ਇੱਥੇ ਆ ਕੇ ਨਹੀਂ ਸਨ ਮਿਲੇ। ਕੁੜੀਆਂ ਇਕੱਲੀਆਂ ਕੈਨੇਡਾ ਆ ਕੇ ਬਹੁਤ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ ਪਰ ਬਹੁਤ ਘੱਟ ਲੋਕ ਇਸ ਗੱਲ ਦੀ ਕਦਰ ਕਰਦੇ ਹਨ। ਪੰਜਾਬੀ ਕੁੜੀਆਂ ਦੇ ਇਸ ਸੰਘਰਸ਼ ਨੂੰ ਕੌਣ ਤੇ ਕਦੋਂ ਸਮਝੂ?
ਜੋ ਕੁੜੀਆਂ ਕੁਆਰੀਆਂ ਆਉਂਦੀਆਂ ਹਨ ਤੇ ਕਈ ਸਾਲਾਂ ਤੱਕ ਇੱਥੇ ਰਹਿੰਦੀਆਂ ਹਨ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਵੀ ਔਖਾ ਹੁੰਦਾ ਹੈ। ਜਦੋਂ ਉਹ ਸਭ ਤਰ੍ਹਾਂ ਦਾ ਪ੍ਰਬੰਧ ਆਪ ਕਰਦੀਆਂ ਹਨ ਤੇ ਜੇ ਕਿਧਰੇ ਰਿਸ਼ਤਾ ਹੁੰਦਾ ਹੈ ਤਾਂ ਅਕਸਰ ਉਨ੍ਹਾਂ ਨੂੰ ਅਜੀਬੋ-ਗਰੀਬ ਸਵਾਲ ਪੁੱਛੇ ਜਾਂਦੇ ਹਨ ਜੋ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤੰਗ ਕਰਦੇ ਹਨ। ਕੈਨੇਡਾ ਵਿੱਚ ਰਹਿੰਦੇ ਸਮੇਂ ਰੋਜ਼ਾਨਾ ਜੀਵਨ ਵਿੱਚ ਹੋਰ ਹੀ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ ਜੋ ਮੈਂ ਖ਼ੁਦ ਹੰਢਾਈਆਂ ਹਨ। ਮੈਂ ਕੈਨੇਡਾ ਦੇ ਇੱਕ ਸ਼ਹਿਰ ਵਿੱਚ 20 ਦਿਨ ਇਕੱਲੀ ਰਹੀ ਜਿੱਥੇ ਮੈਨੂੰ ਜ਼ਿਆਦਾ ਲੋਕ ਨਹੀਂ ਸਨ ਜਾਣਦੇ। ਮੈਨੂੰ ਤਾਂ ਕਿਸੇ ਨੇ ਮੂੰਹ ਵਿੱਚ ਨਹੀਂ ਪਾ ਲਿਆ? ਮੈਂ ਤਾਂ ਅਕਸਰ ਰਾਤ ਨੂੰ 12-1 ਵਜੇ 2-3 ਕਿਲੋਮੀਟਰ ਤੁਰ ਕੇ ਬਰੈਂਪਟਨ ਤੇ ਹੁਣ ਕੈਨੇਡਾ ਦੇ ਇੱਕ ਟਾਪੂ ਤੋਂ ਆਉਂਦੀ ਹਾਂ ਤਾਂ ਮੈਨੂੰ ਕਦੇ ਕਿਸੇ ਨੇ ਕੁਝ ਨਹੀਂ ਕਿਹਾ।
ਮੇਰੀ ਜਾਣ-ਪਛਾਣ ਵਿੱਚ ਇੱਕ ਨਹੀਂ ਬਹੁਤ ਕੁੜੀਆਂ ਹਨ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਨੂੰ ਇੱਥੇ ਬੁਲਾ ਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦਿੱਤੀ। ਅਸੀਂ ਮਾਇਸੋ ਜਥੇਬੰਦੀ ਵੱਲੋਂ ਕਈ ਸੰਘਰਸ਼ ਲੜੇ ਤਾਂ ਕੁੜੀਆਂ ਦਾ ਬਹੁਤ ਯੋਗਦਾਨ ਰਿਹਾ। ਭਾਵੇਂ ਉਹ ਸੰਘਰਸ਼ ਮੌਂਟਰੀਅਲ, ਨੌਰਥ ਬੇਅ, ਬਰੈਂਪਟਨ ਜਾਂ ਕਿਸੇ ਹੋਰ ਸ਼ਹਿਰ ਵਿੱਚ ਰਿਹਾ ਹੋਵੇ। ਇਹ ਕੁੜੀਆਂ ਸਿਸਟਮ ਖਿਲਾਫ਼ ਬੇਖੌਫ਼ ਹੋ ਕੇ ਬੋਲੀਆਂ ਜਿੱਥੇ ਕਾਲਜ ਉਨ੍ਹਾਂ ਦੀ ਲੁੱਟ ਕਰ ਰਹੇ ਸਨ।
ਕੈਨੇਡਾ ਦੀ ਧਰਤੀ ’ਤੇ ਆਪਣੇ ਤੇ ਆਪਣੇ ਪਰਿਵਾਰਾਂ ਦੇ ਜੀਵਨ ਨੂੰ ਸੌਖਾਲਾ ਕਰਨ ਲਈ ਸੰਘਰਸ਼ ਕਰਦੀਆਂ ਇਨ੍ਹਾਂ ਕੁੜੀਆਂ ਨੂੰ ਮੇਰਾ ਸੱਚੇ ਦਿਲੋਂ ਸਲਾਮ ਹੈ। ਆਓ ਇਕੱਠੇ ਹੋ ਕੇ ਮਿਹਨਤੀ ਕੁੜੀਆਂ ਲਈ ਆਵਾਜ਼ ਬੁਲੰਦ ਕਰੀਏ ਤਾਂ ਕਿ ਯੂ-ਟਿਊਬ, ਫੇਸਬੁੱਕ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਦੇ ਸਿਰਲੇਖ ਬਦਲ ਜਾਣ ਤੇ ਕੁੜੀਆਂ ਦੇ ਸੰਘਰਸ਼ਾਂ ਤੇ ਮਿਹਨਤਾਂ ਦਾ ਮੁੱਲ ਮਿਲੇ। ਉਨ੍ਹਾਂ ਦੇ ਚਰਿੱਤਰ ’ਤੇ ਉੱਠਣ ਵਾਲੇ ਸਵਾਲ ਤੇ ਲੱਗੇ ਧੱਬੇ ਮਿਟ ਜਾਣ ਤੇ ਇਹ ਕੁੜੀਆਂ ਵੀ ਬਿਨਾਂ ਕਿਸੇ ਦਬਾਅ ਤੋਂ ਹੋਰ ਹੌਸਲੇ ਨਾਲ ਅੱਗੇ ਜਾਣ। ਦੂਰ ਬੈਠੇ ਲੋਕ ਕੁੜੀਆਂ ਨੂੰ ਬਦਨਾਮ ਕਰਨ ਦੀ ਬਜਾਏ ਸਲਾਮ ਕਰਨ ਤਾਂ ਕਿ ਮਾਪਿਆਂ ਦੇ ਮਨ ਵਿੱਚ ਡਰ ਦੀ ਜਗ੍ਹਾ ਫਖ਼ਰ ਪੈਦਾ ਹੋਵੇ।
ਸੰਪਰਕ: 1 437-972-2513

Advertisement
Advertisement