ਭਾਰਤ ਨੂੰ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ: ਭੱਠਲ
ਪੱਤਰ ਪ੍ਰੇਰਕ
ਲਹਿਰਾਗਾਗਾ, 20 ਜੁਲਾਈ
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਹਲਕੇ ਵਿਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਮੌਜੂਦਾ ਸਥਿਤੀ ਨੂੰ ਜਾਨਣ ਲਈ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਬੀਬੀ ਭੱਠਲ ਨੇ ਹਲਕੇ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਕਿਹਾ ਅਤੇ ਡਿਊਟੀਆਂ ਵੀ ਲਗਾਈਆਂ। ਬੈਠਕ ਮਗਰੋੋਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਬੀਬੀ ਭੱਠਲ ਨੇ ਕਿਹਾ ਕਿ ਸਰਕਾਰ ਪਾਣੀ ਵਿੱਚ ਘਿਰੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿਚ ਨਾਕਾਮ ਹੋ ਰਹੀ ਹੈ। ਇੱਥੋਂ ਤਕ ਟੁੱਟੇ ਬੰਨ੍ਹ ਵੀ ਲੋਕਾਂ ਵੱਲੋਂ ਖੁਦ ਪੈਸੇ ਖਰਚ ਕਰਕੇ ਪੂਰੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਪਾੜ ਪੂਰਨ ’ਤੇ ਲੋਕਾਂ ਵੱਲੋਂ ਕੀਤਾ ਗਿਆ ਖਰਚਾ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਗੱਠਜੋੜ ‘ਇੰਡੀਆ’ ਬਣਾਇਆ ਗਿਆ ਹੈ। ਭਾਜਪਾ ਦੇਸ਼ ਅੰਦਰ ਲੋਕਤੰਤਰ ਦਾ ਨਹੀਂ ਬਲਕਿ (ਡਿਕਟੇਟਰਸ਼ਿਪ) ਤਾਨਾਸ਼ਾਹੀ ਸਥਾਪਤ ਕਰਨਾ ਚਾਹੁੰਦੀ ਹੈ। ਬੀਬੀ ਭੱਠਲ ਨੇ ਕਿਹਾ ਕਿ ਭਾਰਤ ਤੇ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਦੂਰ ਕਰਨਾ ਸਮੇਂ ਦੀ ਜ਼ਰੂਰਤ ਹੈ। ਇਸ ਮੌਕੇ ਓਐੱਸਡੀ ਰਵਿੰਦਰ ਸਿੰਘ ਟੁਰਨਾ, ਕਾਂਗਰਸ ਦੇ ਸੀਨੀਅਰ ਆਗੂ ਸੋਮਨਾਥ ਸਿੰਗਲਾ, ਰਾਜੇਸ਼ ਕੁਮਾਰ ਭੋਲਾ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਸਰਪੰਚ ਨਿਰਭੈ ਸਿੰਘ ਢੀਂਡਸਾ, ਵਾਈਸ ਚੇਅਰਮੈਨ ਰਵਿੰਦਰ ਰਿੰਕੂ, ਹਰਦੀਪ ਸਿੰਘ ਰਾਮਪੁਰਾ ਜਵਾਹਰਵਾਲਾ, ਸੁਦਰਸ਼ਨ ਸ਼ਰਮਾ, ਸੁਰੇਸ਼ ਕੁਮਾਰ ਠੇਕੇਦਾਰ, ਸੁਰਿੰਦਰ ਕੁਮਾਰ ਖੰਡ ਘਿਓ ਵਾਲੇ, ਪ੍ਰਚਾਰ ਸਕੱਤਰ ਰਾਮ ਗੋਪਾਲ ਗਾਹਲਾਂ ਮੌਜੂਦ ਸਨ।